ਸੁਖਬੀਰ ਦੇ ਡਰੀਮ ਪ੍ਰਾਜੈਕਟ ਤੋਂ ਬੀਜੇਪੀ ਲੀਡਰ ਖਫਾ
ਏਬੀਪੀ ਸਾਂਝਾ | 21 Oct 2016 04:15 PM (IST)
ਅੰਮ੍ਰਿਤਸਰ: ਭਾਜਪਾ ਦੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਸੁਖਬੀਰ ਬਾਦਲ ਦੇ ਡਰੀਮ ਪ੍ਰਾਜੈਕਟ ਤੋਂ ਨਾਖੁਸ਼ ਹੈ। ਬੀਜੇਪੀ ਲੀਡਰ ਨੇ ਸੁਖਬੀਰ ਵੱਲੋਂ ਗੁਰੂ ਨਗਰੀ ਵਿੱਚ ਸੁੰਦਰੀਕਰਨ ਦੇ ਨਾਮ 'ਤੇ ਖਰਚ ਕੀਤੇ ਗਏ ਗਏ ਕਰੋੜਾਂ ਰੁਪਏ ਨੂੰ ਢੋਂਗ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਸੁਖਬੀਰ ਅੱਜ ਇਸ ਸੁੰਦਰੀਕਰਨ 'ਤੇ 250 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹਿ ਰਹੇ ਹਨ ਪਰ ਉਹ ਇਹ ਵੀ ਜ਼ਰੂਰ ਦੱਸਣ ਕਿ ਉਨ੍ਹਾਂ ਨੇ ਇਸ ਸੁੰਦਰੀਕਰਨ ਦੇ ਨਾਮ 'ਤੇ ਕਿੰਨੇ ਲੋਕਾਂ ਦੇ ਰੁਜ਼ਗਾਰ ਨੂੰ ਉਜਾੜਿਆ ਹੈ। ਚਾਵਲਾ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਇਹ ਵੀ ਦੱਸਣ ਕਿ ਟਾਊਨ ਹਾਲ ਇਮਾਰਤ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਤੱਕ ਕਿੰਨੇ ਲੋਕਾਂ ਦੇ ਵਪਾਰ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਰਹਿਣ ਵਾਲੇ ਕਰੀਬ 50 ਹਾਜ਼ਰ ਲੋਕਾਂ ਉੱਤੇ ਜੋ ਪਾਬੰਦੀਆਂ ਲਾਈਆਂ ਗਈਆਂ ਹਨ, ਉਹ ਸ਼ਾਇਦ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਨਹੀਂ ਲੱਗੀਆਂ ਸਨ। ਜੇਕਰ ਸਰਕਾਰ ਨੇ ਸੱਚਮੁੱਚ ਲੋਕਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਤਾਂ ਸਰਕਾਰ ਨੂੰ ਇਸ ਯੋਜਨਾ ਦੇ ਉਦਘਾਟਨ ਸਮਾਰੋਹ ਵਿੱਚ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਜਾਵੇ ਤੇ ਉਨ੍ਹਾਂ ਦੇ ਦਿਲ ਦੀ ਗੱਲ ਵੀ ਜਾਣੀ ਜਾਵੇ। ਚਾਵਲਾ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਸਰਕਾਰ ਦੇ ਵਿਰੋਧ ਵਿੱਚ ਉੱਤਰਣ ਵੱਲ ਇਸ਼ਾਰਾ ਕਰਦਿਆਂ ਕਿਹਾ ਅੱਜ ਭਾਵੇਂ ਸਰਕਾਰ ਭਾਰੀ ਸੁਰੱਖਿਆ ਹੇਠ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਕੇ ਇੱਥੋਂ ਚਲਦੀ ਬਣੇ ਪਰ ਉਨ੍ਹਾਂ ਲੋਕਾਂ ਦੇ ਅੱਥਰੂ ਸਰਕਾਰ ਨੂੰ ਜਲਦ ਹੀ ਜਵਾਬ ਦੇਣਗੇ ਜਿਨ੍ਹਾਂ ਦੇ ਵਪਾਰ ਤੇ ਘਰਾਂ ਨੂੰ ਸਰਕਾਰ ਨੇ ਇਸ ਸੁੰਦਰਤਾ ਦੇ ਨਾਮ 'ਤੇ ਉਜਾੜ ਦਿੱਤਾ ਹੈ।