ਮੋਦੀ ਦੀ ਲੁਧਿਆਣਾ ਗੇੜੀ ਨੂੰ ਕੇਜਰੀਵਾਲ ਕਰਨਗੇ ਠੁੱਸ !
ਏਬੀਪੀ ਸਾਂਝਾ | 21 Oct 2016 02:20 PM (IST)
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੁਧਿਆਣਾ ਫੇਰੀ ਤੋਂ ਬਾਅਦ ਕਾਰੋਬਾਰੀਆਂ ਨੂੰ ਖਿੱਚਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਅਕਤੂਬਰ ਨੂੰ ਪੰਜਾਬ ਆ ਰਹੇ ਹਨ। ਉਹ 23 ਤੋਂ 25 ਅਕਤੂਬਰ ਤੱਕ ਪੰਜਾਬ ਵਿੱਚ ਹੀ ਰਹਿਣਗੇ। ਇਸ ਦੌਰਾਨ ਕੇਜਰੀਵਾਲ ਸੂਬੇ ਦੇ ਕਾਰੋਬਾਰੀਆਂ ਨਾਲ ਸਿੱਧਾ ਰਾਬਤਾ ਕਰਨਗੇ। ਇਸ ਦੇ ਨਾਲ ਹੀ ਕਾਰੋਬਾਰੀਆਂ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਏਗਾ। ਦਰਅਸਲ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਕਾਰੋਬਾਰੀਆਂ 'ਤੇ ਡੋਰੇ ਪਾਉਣ ਲਈ ਲੁਧਿਆਣਾ ਆਏ ਸਨ। ਮੋਦੀ ਦੀ ਗੇੜੀ ਨੂੰ ਠੁੱਸ ਕਰਨ ਲਈ ਕੇਜਰੀਵਾਲ ਨੇ ਵਿਆਪਕ ਪ੍ਰੋਗਰਾਮ ਉਲੀਕਿਆ ਹੈ। 'ਆਪ' ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ 23 ਅਕਤੂਬਰ ਨੂੰ ਲੁਧਿਆਣਾ ਵਿੱਚ ਇੰਡਸਟਰੀ ਮੈਨੀਫੈਸਟੋ ਰਿਲੀਜ਼ ਕੀਤਾ ਜਾਵੇਗਾ। 'ਆਪ' ਨੇਤਾ ਕੰਵਰ ਸੰਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਡਸਟਰੀ ਮੈਨੀਫੈਸਟੋ ਲਈ ਛੇ ਪ੍ਰੋਗਰਾਮ ਰੱਖੇ ਗਏ ਹਨ ਜੋ 23 ਅਕਤੂਬਰ ਤੋਂ ਸ਼ੁਰੂ ਹੋ ਜਾਣਗੇ। ਪਹਿਲਾ ਪ੍ਰੋਗਰਾਮ 23 ਅਕਤੂਬਰ ਨੂੰ ਲੁਧਿਆਣਾ ਵਿੱਚ ਹੋਵੇਗਾ ਜਿਸ ਦੌਰਾਨ ਇੰਡਸਟਰੀ ਮੈਨੀਫੈਸਟੋ ਰਿਲੀਜ਼ ਕੀਤਾ ਜਾਵੇਗਾ। ਦੂਜਾ ਪ੍ਰੋਗਰਾਮ 23 ਅਕਤੂਬਰ ਨੂੰ ਹੀ ਸ਼ਾਮ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਹੋਵੇਗਾ। 24 ਅਕਤੂਬ ਨੂੰ ਸਵੇਰੇ ਬਠਿੰਡਾ ਤੇ ਸ਼ਾਮ ਨੂੰ ਜਲੰਧਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। 25 ਅਕਤੂਬਰ ਨੂੰ ਸਵੇਰੇ ਬਟਾਲਾ ਤੇ ਸ਼ਾਮ ਨੂੰ ਮੁਹਾਲੀ ਵਿੱਚ ਪ੍ਰੋਗਰਾਮ ਹੋਏਗਾ। ਆਮ ਆਦਮੀ ਪਾਰਟੀ ਵੱਲੋਂ ਵਪਾਰ, ਉਦਯੋਗ, ਟਰਾਂਸਪੋਰਟ ਤੇ ਰੀਅਲ ਅਸਟੇਟ ਦਾ ਮੈਨੀਫੈਸਟੋ ਰਿਲੀਜ਼ ਕੀਤਾ ਜਾਵੇਗਾ। ਕੰਵਰ ਸੰਧੂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਉਦਯੋਗ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।