ਰੌਬਟ ਦੀ ਰਿਪੋਰਟ
ਜਲੰਧਰ: ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਕੋਵਿਡ-19 ਟੈਸਟ ਰਿਪੋਰਟ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਆਈ ਹੈ।ਕੇਰਲਾ ਦੀ ਸਪੈਸ਼ਲ ਕੋਰਟ ਵਲੋਂ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖਿਲਾਫ਼ ਨਨ ਰੇਪ ਮਾਮਲੇ ਵਿੱਚ ਗੈਰਜਮਾਨਤੀ ਵਰੰਟ ਜਾਰੀ ਕੀਤੇ ਗਏ ਹਨ।

ਹੁਣ ਫਰੈਂਕੋ ਮੁਲਕਲ ਨੂੰ ਕੁਆਰੰਟੀਨ ਕੀਤਾ ਜਾਏਗਾ।ਫਰੈਂਕੋ ਮੁਲੱਕਲ ਦੇ ਪੌਜ਼ੇਟਿਵ ਹੋਣ ਦੀ ਪੁਸ਼ਟੀ ਡਾਕਟਰ ਸ਼ੋਬਾਨਾ ਬਾਂਸਲ ਨੇ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਮੁਲੱਕਲ ਨੂੰ 13 ਵਾਰ ਤਲਬ ਕੀਤਾ ਸੀ ਪਰ ਉਹ ਸੁਵਾਈ ਲਈ ਹਾਜ਼ਰ ਨਹੀਂ ਹੋਇਆ।ਜਿਸ ਤੋਂ ਸੋਮਵਾਰ ਕੇਰਲਾ ਦੇ ਲੋਕਲ ਕੋਰਟ ਨੇ ਬਿਸ਼ਪ ਫਰੈਂਕੋ ਦੀ ਜ਼ਮਾਨਤ ਰੱਦ ਕਰ ਉਸਦੇ ਖਿਲਾਫ਼ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ।

11 ਜੂਨ ਨੂੰ ਹੋਈ ਸੁਣਵਾਈ ਵਿੱਚ ਬਿਸ਼ਪ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇ ਜਲੰਧਰ ਤੋਂ ਕੋਰੋਨਾ ਕਾਰਨ ਉਡਾਣਾਂ ਬੰਦ ਹਨ। ਨਾਲ ਹੀ, ਜਲੰਧਰ ਤੋਂ ਬਾਹਰ ਨਿਕਲਣ ਤੇ, 14 ਦਿਨਾਂ ਲਈ ਹੋਮ ਕੁਆਰੰਟੀਨ ਦਾ ਪਾਲਣ ਕਰਨਾ ਪਏਗਾ। ਇਸ ਵਾਰ ਵੀ ਮੁਲੱਕਲ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜਲੰਧਰ ਵਿੱਚ ਕੋਰੋਨਾ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ। ਕੰਟੇਨਮੈਂਟ ਏਰੀਆ ਹੋਣ ਕਾਰਨ ਸਥਾਨਕ ਪ੍ਰਸ਼ਾਸਨ ਬਿਸ਼ਪ ਨੂੰ ਜਲੰਧਰ ਤੋਂ ਬਾਹਰ ਨਹੀਂ ਜਾਣ ਦੇ ਰਿਹਾ।

ਜਲੰਧਰ ਦਾ ਡਾਇਓਸਿਸ ਦਾ ਬਿਸ਼ਪ ਫਰੈਂਕੋ ਮੁਲੱਕਲ, ਭਾਰਤ ਵਿੱਚ ਕੈਥੋਲਿਕ ਚਰਚ ਦਾ ਪਹਿਲਾ ਬਿਸ਼ਪ ਹੈ ਜਿਸ ਨੂੰ ਇੱਕ 44 ਸਾਲਾਂ ਦੀ ਨਨ ਨਾਲ 13 ਵਾਰ ਬਲਾਤਕਾਰ ਕਰਨ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਪਿਛਲੇ ਸਾਲ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।