ਚੰਡੀਗੜ੍ਹ: ਪੰਜਾਬ ਸਰਕਾਰ ਚਾਹੇ ਵਿਕਾਸ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ। ਇਹ ਗੱਲ ਅਸੀਂ ਨਹੀਂ ਸਗੋਂ ਪੰਜਾਬ ਪੁਲਿਸ ਦੀ ਭਰਤੀ ਲਈ ਆਈਆਂ ਅਰਜ਼ੀਆਂ ਕਹਿ ਰਹੀਆਂ ਹਨ। ਜੀ ਹਾਂ, ਸਭ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਪੰਜਾਬ ਪੁਲਿਸ ਵੱਲੋਂ 7416 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਤੁਸੀਂ ਜਾਾਣ ਕੇ ਹੈਰਾਨ ਹੋ ਜਾਵੋਗੇ ਕਿ ਸਿਰਫ 7416 ਕਾਂਸਟੇਬਲਾਂ ਦੀ ਭਰਤੀ ਲਈ ਹੁਣ ਤੱਕ ਤਕਰੀਬਨ 6 ਲੱਖ ਉਮੀਦਵਾਰ ਭਰਤੀ ਲਈ ਫਾਰਮ ਭਰ ਚੁੱਕੇ ਹਨ।
ਇਹ ਅੰਕੜੇ ਤੁਹਾਨੂੰ ਹੋਰ ਵੀ ਹੈਰਾਨ ਕਰ ਦੇਣਗੇ ਕਿ ਪੁਲਿਸ ਵੱਲੋਂ ਮਹਿਲਾ ਕਾਂਸਟੇਬਲਾਂ ਦੀ ਸਿਰਫ 1164 ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ ਪਰ 1 ਲੱਖ ਤੋਂ ਵੀ ਵੱਧ ਕੁੜੀਆਂ ਨੇ ਹੁਣ ਤੱਕ ਫਾਰਮ ਭਰ ਦਿੱਤੇ ਹਨ। ਇਸੇ ਤਰ੍ਹਾਂ ਹੀ ਮੁੰਡਿਆਂ ਦੀਆਂ 6252 ਭਰਤੀਆਂ ਲਈ ਹੁਣ ਤੱਕ 4,58,562 ਅਰਜ਼ੀਆਂ ਵਿਭਾਗ ਕੋਲ ਪੁੱਜੀਆਂ ਹਨ।
ਵਿਭਾਗ ਕੋਲੋਂ ਮਿਲੇ ਅੰਕੜਿਆਂ ਮੁਤਾਬਕ, ਹੁਣ ਤੱਕ ਜਿੰਨੀਆਂ ਅਰਜ਼ੀਆਂ ਆਈਆਂ ਹਨ, ਉਸ ਵਿੱਚ ਵੱਡੀ ਗਿਣਤੀ ਵਿੱਚ ਐਮ.ਟੈਕ., ਐਮ.ਸੀ.ਏ., ਐਮ.ਬੀ.ਏ. ,ਐਮ.ਐਸ.ਸੀ., ਐਮ.ਪੀ.ਐਡ, ਐਮ.ਏ. ਦੇ ਵਿਦਿਆਰਥੀਆਂ ਨੇ ਫਾਰਮ ਭਰੇ ਹਨ। ਇਹ ਹੀ ਨਹੀਂ ਬੀ.ਏ. ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਹੈ। ਦੂਜੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਇਹ ਭਰਤੀ ਸਿਰਫ 12ਵੀਂ ਦੇ ਆਧਾਰ 'ਤੇ ਹੋਏਗੀ। ਇਸ ਤੋਂ ਵੱਧ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦੇ ਵੱਧ ਨੰਬਰ ਨਹੀਂ ਦਿੱਤੇ ਜਾਣਗੇ।
ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਹੁਣ ਤੱਕ ਬੀ.ਏ. ਪਾਸ ਵਿਦਿਆਰਥੀਆਂ ਦੀਆਂ 66,557 ਅਰਜ਼ੀਆਂ ਮਿਲੀਆਂ ਹਨ ਜਦਕਿ ਮਾਸਟਰ ਦੀਆਂ ਡਿਗਰੀਆਂ ਲੈ ਕੇ ਕਾਂਸਟੇਬਲਾਂ ਦੀ ਭਰਤੀ ਦੇ ਚਾਹਵਾਨਾਂ 13,522 ਉਮੀਦਵਾਰ ਹਨ।