Lok Sabha Election: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਵਿੱਚ ਜਾਂਦਿਆ ਹੀ ਬੋਲੀ ਬਦਲ ਦਿੱਤੀ ਹੈ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਕਈ ਕੌਂਸਲਰ ਤੇ ਸਾਬਕਾ ਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸਪੰਰਕ ਵਿੱਚ ਹਨ। ਇਸ ਮੌਕੇ ਬਿੱਟੂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਜਿਸ ਦਾ ਕਾਰਨ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਰਾਘਵ ਚੱਢਾ ਦਾ ਭਗੌੜਾ ਹੋਣਾ ਹੈ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਿਆਂ ਤੰਜ ਕਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗ਼ੌਰ ਨਾਲ ਸੁਣੋ BJP ‘ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਪੰਜਾਬ ਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਕਿਵੇਂ ਧਮਕੀ ਦੇ ਰਿਹਾ ਹੈ!! ਇਹ ਕਹਾਵਤ ਅੱਜ ਬਿੱਟੂ ‘ਤੇ ਫਿੱਟ ਬੈਠਦੀ ਹੈ, ਖ਼ਰਬੂਜ਼ਾ ਖ਼ਰਬੂਜ਼ੇ ਨੂੰ ਵੇਖ ਕੇ ਰੰਗ ਬਦਲਦਾ ਹੈ
ਆਪ ਵੱਲੋਂ ਕਿਹਾ ਗਿਆ ਕਿ BJP ਦਾ ਏਜੰਡਾ ਸਾਫ਼ ਹੈ-ਜਿੱਥੇ ਲੋਕ ਇਹਨਾਂ ਦੀ ਸਰਕਾਰ ਨਹੀਂ ਬਣਾਉਂਦੇ, ਇਹ ਤੋੜ-ਮਰੋੜ ਕੇ ਸਰਕਾਰ ਬਣਾਉਂਦੇ ਨੇ ਪਰ ਪੰਜਾਬ ਦਾ ਇਤਿਹਾਸ ਗਵਾਹ ਹੈ ਪੰਜਾਬੀ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰਦੇ।
ਕਿਸਾਨਾਂ ਨਾਲ MSP ਦੇ ਨਾਮ ‘ਤੇ ਧੋਖਾ ਕਰਨ ਵਾਲੀ, ਕਿਸਾਨਾਂ ‘ਤੇ ਗੋਲੀਆਂ ਚਲਾਉਣ ਵਾਲੀ BJP ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ ਪੂਰੇ ਦੇਸ਼ ‘ਚ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੀ BJP ਦੀ ਸੋਚ ‘ਤੇ ਬਿੱਟੂ ਪਹਿਰਾ ਦੇ ਰਿਹਾ ਹੈ ਠੋਕ ਕੇ!!