ਨਵੀਂ ਦਿੱਲੀ: ਦਿੱਲੀ ਦੰਗਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਹਿੱਲਜੁੱਲ ਹੋਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਦਿੱਲੀ ਪੁਲਿਸ 'ਤੇ ਗੰਭੀਰ ਸਵਾਲ ਉਠਾਉਂਦਿਆਂ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਲਿਆਂਦੇ ਹਨ। ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੇ ਰਵੱਈਏ ਨੇ ‘1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ’ ਤਾਜ਼ਾ ਕਰਵਾ ਦਿੱਤੀ ਹੈ।


ਗੁਜਰਾਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਸੰਸਦ ਮੈਂਬਰ ਦਾ ਹਵਾਲਾ ਦੇ ਕੇ ਪੁਲਿਸ ਤੋਂ ਮਦਦ ਮੰਗੀ ਪਰ ਕੋਈ ਕਾਰਵਾਈ ਨਾ ਹੋਈ। ਨਰੇਸ਼ ਗੁਜਰਾਲ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਰਹਿੰਦੇ ਘੱਟਗਿਣਤੀ ‘ਡਰੇ ਹੋਏ’ ਹਨ। ਉਨ੍ਹਾਂ ਪੱਤਰ ਦੀਆਂ ਕਾਪੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਵੀ ਭੇਜੀਆਂ ਹਨ।

ਉਨ੍ਹਾਂ ਕਿਹਾ ਕਿ ਉੱਤਰੀ ਪੂਰਬੀ ਦਿੱਲੀ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫਿਰਕੂ ਹਿੰਸਾ ਮੌਕੇ ਦਿੱਲੀ ਪੁਲਿਸ ਵੱਲੋਂ ਘੱਟਗਿਣਤੀਆਂ ਦੀ ਜਾਨ ਤੇ ਮਾਲ (ਜਾਇਦਾਦਾਂ) ਦੀ ਰਾਖੀ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਜਰਾਲ ਨੇ ਪੱਤਰ ਵਿੱਚ ਲਿਖਿਆ, ‘ਦਿੱਲੀ ਪੁਲਿਸ ਨੇ ਫ਼ਿਰਕੂ ਹਿੰਸਾ ਦੌਰਾਨ ਘੱਟਗਿਣਤੀਆਂ ਦੀ ਜਾਨ ਤੇ ਮਾਲ ਦੀ ਰਾਖ਼ੀ ਨਹੀਂ ਕੀਤੀ, ਤੇ ਅਸੀਂ ਇਹੀ ਕੁਝ 1984 ਵਿੱਚ ਵੇਖਿਆ ਸੀ। ਇਹ ਕਿਸੇ ਝਟਕੇ ਤੋਂ ਘੱਟ ਨਹੀਂ।’

ਉਨ੍ਹਾਂ ਦਿੱਲੀ ਪੁਲਿਸ ਨੂੰ ਭੰਡਦਿਆਂ ਕਿਹਾ, ‘ਮੈਂ ਬੁੱਧਵਾਰ ਨੂੰ ਉਨ੍ਹਾਂ (ਪੁਲਿਸ) ਨੂੰ ਫੋਨ ਕਰਕੇ ਦੱਸਿਆ ਸੀ ਕਿ ਕੁਝ ਦੰਗਾਕਾਰੀਆਂ ਨੇ ਇੱਕ ਘਰ ਨੂੰ ਘੇਰ ਰੱਖਿਆ ਹੈ, ਜਿੱਥੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ 16 ਦੇ ਕਰੀਬ ਲੋਕ ਫਸੇ ਹੋਏ ਹਨ, ਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ, ‘ਜਦੋਂ ਇਕ ਸੰਸਦ ਮੈਂਬਰ ਵੱਲੋਂ ਕੀਤੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਵੇ, ਤਾਂ ਫਿਰ ਇਕ ਆਮ ਆਦਮੀ ਨਾਲ ਕੀ ਬਣਦੀ ਹੋਵੇਗੀ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕੋਈ ਵੀ ਸਿਆਣਾ ਭਾਰਤੀ 1984 ਦਾ ਦੁਹਰਾਅ ਨਹੀਂ ਚਾਹੁੰਦਾ।’