ਰੌਬਟ


ਚੰਡੀਗੜ੍ਹ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਰੋਜ਼ਾਨਾ ਹੀ ਸੈਂਕੜੇ ਸ਼ਰਧਾਲੂ ਦਰਸ਼ਨਾਂ ਲਈ ਜਾਂਦੇ ਹਨ ਪਰ ਪੰਜਾਬ ਪੁਲਿਸ ਤੇ ਕੇਂਦਰੀ ਖੁਫੀਆ ਏਜੰਸੀਆਂ ਇਨ੍ਹਾਂ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ।


ਅਜਿਹਾ ਇੱਕ ਮਾਮਲਾ ਗੁਰਦਾਸਪੁਰ ਪਿੰਡ ਡੇਅਰੀਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਿੱਖ ਪਰਿਵਾਰ ਦੇ ਨੌਜਵਾਨ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਸ੍ਰੀ ਕਰਤਾਰਪੁਰ ਸਾਹਿਬ ਤੋਂ ਵਾਪਸੀ ਦੌਰਾਨ ਸਰਹੱਦ ਉੱਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਕੁਝ ਖੁਫੀਆਂ ਏਜੰਸੀਆਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਪਾਕਿਸਤਾਨ ਵਿੱਚ ਪਹੁੰਚਣ ਤੇ ਉੱਥੋਂ ਦੀ ਪੁਲਿਸ ਤੇ ਫੌਜ ਦੇ ਵਿਵਹਾਰ ਬਾਰੇ ਪੁੱਛਿਆ ਗਿਆ। ਰਣਜੀਤ 25 ਜਨਵਰੀ ਨੂੰ ਸ੍ਰੀ ਕਰਤਾਰ ਸੁਰਤਾਪੁਰ ਸਾਹਿਬ ਵਿਖੇ ਦਰਸ਼ਨ ਦੀਦਾਰਾਂ ਲਈ ਗਿਆ ਸੀ।


ਰਣਜੀਤ ਨੇ ਦੱਸਿਆ ਕਿ ਪਿੰਡ ਵਾਪਸ ਆਉਣ ਤੋਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਪੁੱਛ ਪੜਤਾਲ 'ਚ ਸ਼ਾਮਲ ਹੋਣ ਲਈ ਉਸ ਨੂੰ ਲਿਖਤੀ ਤੌਰ ਤੇ ਬੁਲਾਇਆ ਗਿਆ। ਉਸ ਨੇ ਥਾਣੇ ਪਹੁੰਚ ਕਿ ਲਿਖਤੀ ਰੂਪ 'ਚ ਆਪਣੀ ਸ੍ਰੀ ਕਰਤਾਰਪੁਰ ਸਾਹਿਬ ਦੀ ਫੇਰੀ ਦਾ ਪੂਰੇ ਦਿਨ ਦਾ ਵੇਰਵਾ ਪੁਲਿਸ ਨੂੰ ਦਿੱਤਾ। ਰਣਜੀਤ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਖੱਜਲ  ਖੁਆਰੀ ਹੋਈ ਹੈ ਤੇ ਉਹ ਪੁਲਿਸ ਦੇ ਵਤੀਰੇ ਤੋਂ ਬਿਲਕੁਲ ਖੁਸ਼ ਨਹੀਂ।


ਇਸੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਚਾਰ ਲੋਕਾਂ ਨੂੰ ਵੀ ਸ਼ੱਕ ਦੇ ਘੇਰੇ 'ਚ ਲਿਆ ਗਿਆ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਗੁਰਜੀਤ ਸਿੰਘ ਜੋ ਪਿੰਡ ਭਿਖਾਰੀਵਾਲ ਦਾ ਰਹਿਣਾ ਵਾਲਾ ਹੈ, ਨੇ ਦੱਸਿਆ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ 23 ਜਨਵਰੀ ਨੂੰ ਨਤਮਸਤਕ ਹੋ ਕੇ ਵਾਪਸ ਆਇਆ ਸੀ।


ਉਸ ਦਾ ਇਹ ਕਹਿਣਾ ਹੈ ਕਿ ਹਾਲੇ ਤੱਕ ਪੁਲਿਸ ਨੇ ਉਸ ਨੂੰ ਜਾਂਚ ਲਈ ਨਹੀਂ ਬੁਲਾਇਆ ਪਰ ਉਸ ਦਾ ਨਾਂ ਇੱਕ ਲਿਸਟ 'ਚ ਆਇਆ ਹੈ। ਇਸ ਨਾਲ ਉਸ ਨੂੰ ਕੇਂਦਰ ਸਰਕਾਰ ਦੀਆ ਏਜੰਸੀਆ ਨੇ ਇੱਕ ਸ਼ੱਕੀ ਕਰਾਰ ਦੇ ਦਿੱਤਾ ਹੈ। ਜਦਕਿ ਉਹ ਗੁਰੂ ਘਰ ਆਸਥਾ ਨਾਲ ਗਿਆ ਸੀ। ਉਸ ਨੇ ਦੱਸਿਆ ਕਿ 23 ਜਨਵਰੀ ਨੂੰ ਜਦੋਂ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਲੱਗਾ ਤਾਂ ਉਸ ਤੋਂ ਕਈ ਸਵਾਲ ਪੁੱਛੇ ਗਏ। ਉਸ ਨੇ ਕਿਹਾ ਕਿ ਜਾਂਚ ਦੀ ਚਿੱਠੀ 'ਚ ਉਸ ਦਾ ਨਾਂ ਉਸ ਅੰਦਰ ਡਰ ਪੈਦਾ ਕਰ ਰਿਹਾ ਹੈ।


ਉਧਰ, ਇਸ ਮਾਮਲੇ ਤੇ ਜਦ ਈਜੀ ਸੁਰਿੰਦਰ ਸਿੰਘ ਪਰਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕਿਸੇ ਵੀ ਜਾਂਚ ਤੋਂ ਇਨਕਾਰ ਕਰ ਦਿੱਤਾ। ਜਦ ਖੁਫੀਆ ਏਜੰਸੀਆ ਦੀ ਚਿੱਠੀ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਚਿੱਠੀ ਬਾਰੇ ਜਾਣਕਾਰੀ ਨਹੀਂ ਤੇ ਪੰਜਾਬ ਪੁਲਿਸ ਵੱਲੋਂ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਆਏ ਕਿਸੇ ਵੀ ਸ਼ਰਧਾਲੂ ਤੋਂ ਨਾ ਤਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾ ਹੀ ਪੁੱਛਗਿੱਛ ਕਰਨ ਦਾ ਕੋਈ ਪੈਮਾਨਾ ਸਰਕਾਰ ਜਾ ਪੁਲਿਸ ਵੱਲੋਂ ਤੈਅ ਕੀਤਾ ਗਿਆ ਹੈ।