ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਹਾਸ਼ੀਏ 'ਤੇ ਗਈ ਬੀਜੇਪੀ ਨੂੰ ਇਸ ਵਾਰ ਡੇਰਾ ਸਿਰਸਾ ਦੀਆਂ ਵੋਟਾਂ ਦੀ ਆਸ ਹੈ। ਇਸ ਲਈ ਉਮੀਦਵਾਰ ਡੇਰੇ ਦਾ ਵੋਟ ਬੈਂਕ ਲੁਭਾਉਣ ਲਈ ਸਿਰਸਾ ਪਹੁੰਚ ਕੇ ਹਾਜ਼ਰੀ ਲਵਾ ਰਹੇ ਹਨ। ਹਾਲਾਂਕਿ ਕਈ ਹੋਰ ਪਾਰਟੀਆਂ ਦੇ ਲੀਡਰ ਵੀ ਸਿਰਸਾ ਹਾਜ਼ਰੀ ਲਵਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਚੋਣ ਪ੍ਰਚਾਰ ਕਰਨ ਨਹੀਂ, ਸਗੋਂ ਮੱਥਾ ਟੇਕਣ ਆਏ ਹਨ ਪਰ ਡੇਰੇ 'ਚ ਆਉਣ ਦਾ ਬਹਾਨਾ ਲੱਭ ਕੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਸਤਿਸੰਗ ਦੌਰਾਨ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਕੁਮਾਰ ਬਿੱਟੂ, ਸਰਦੂਲਗੜ੍ਹ ਤੋਂ ਭਾਜਪਾ ਉਮੀਦਵਾਰ ਜਗਜੀਤ ਸਿੰਘ ਮਿਲਖਾ, ਅਬੋਹਰ ਤੋਂ ਭਾਜਪਾ ਉਮੀਦਵਾਰ ਅਰੁਣ ਨਾਰੰਗ ਤੇ ਮੋੜ ਮੰਡੀ ਤੋਂ ਪੰਜਾਬ ਲੋਕ ਕਾਂਗਰਸ (ਅਮਰਿੰਦਰ ਸਿੰਘ ਪਾਰਟੀ) ਦੇ ਉਮੀਦਵਾਰ ਮੰਗਲ ਰਾਏ ਬਾਂਸਲ ਨੇ ਸਿਰਸਾ ਵਿਖੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ।


ਮੰਗਲਵਾਰ ਨੂੰ ਦੇਰ ਸ਼ਾਮ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਰਣਬੀਰ ਗੰਗਵਾ ਵੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੁੱਜੇ। ਇਸ ਤੋਂ ਇਲਾਵਾ ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਵੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਨਾਮ ਚਰਚਾ ਦੌਰਾਨ ਵੀ ਕਈ ਉਮੀਦਵਾਰ ਪ੍ਰੋਗਰਾਮ 'ਚ ਮੌਜੂਦ ਸਨ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਹਨ ਤੇ ਪਹਿਲਾਂ ਵੀ ਸਮਾਗਮਾਂ ਦੌਰਾਨ ਡੇਰੇ 'ਤੇ ਪਹੁੰਚਦੇ ਰਹਿੰਦੇ ਸਨ। ਇਸ ਵਾਰ ਵੀ ਉਹ ਪ੍ਰੋਗਰਾਮ 'ਚ ਸ਼ਿਰਕਤ ਕਰਨ ਆਏ ਹਨ। ਉਨ੍ਹਾਂ ਦਾ ਚੋਣਾਂ ਲਈ ਪ੍ਰਚਾਰ ਕਰਨ ਦਾ ਕੋਈ ਇਰਾਦਾ ਨਹੀਂ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਮਿਲਖਾ ਨੇ ਸਮੂਹ ਸੰਗਤਾਂ ਨੂੰ ਸ਼ਾਹ ਸਤਨਾਮ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣਾਂ ਬਾਰੇ ਕਿਹਾ ਕਿ ਭਾਜਪਾ ਨੂੰ ਲੈ ਕੇ ਲੋਕਾਂ 'ਚ ਕਾਫੀ ਦਿਲਚਸਪੀ ਪੈਦਾ ਹੋ ਗਈ ਹੈ। ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਇਸ ਦਾ ਕਾਫੀ ਫ਼ਾਇਦਾ ਵੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਤੇ ਹੋਰ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਚੋਣਾਂ ਸਬੰਧੀ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਏ ਹਨ।



ਇਹ ਵੀ ਪੜ੍ਹੋ: Punjab Election: ਆਪਣੇ ਹੀ ਦਾਅ 'ਚ ਫਸ ਗਏ ਕੈਪਟਨ, ਆਖਰ ਕੌਣ ਭੇਜ ਰਿਹਾ ਸੀ ਪਾਕਿਸਤਾਨ ਤੋਂ ਸੰਦੇਸ਼?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904