ਫਿਰੋਜ਼ਪੁਰ: ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਨਗਰ ਨਿਗਮ ਚੋਣਾਂ ਨੂੰ ਲੈ ਕੇ ਉਹ ਸਿਟੀ ਪਲਾਜ਼ਾ ਪੈਲੇਸ ਵਿੱਚ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਇਸ ਦੌਰਾਨ ਕਿਸਾਨ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਦਾ ਵਿਰੋਧ ਕਰਨ ਲੱਗੇ। ਹਾਲਾਂਕਿ ਭਾਰੀ ਪੁਲਿਸ ਬਲ ਵੀ ਤਾਇਨਾਤ ਸੀ ਪਰ ਜਦੋਂ ਅਸ਼ਵਨੀ ਸ਼ਰਮਾ ਬਾਹਰ ਨਿਕਲੇ ਤਾਂ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਕੁਝ ਲੋਕਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਮਗਰੋਂ ਭਾਜਪਾ ਆਗੂ ਨੇ ਵਿਰੋਧ ਵਿੱਚ ਨੈਸ਼ਨਲ ਹਾਈਵੇਅ ਜਾਮ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਜੇ ਇੰਝ ਹੀ ਕਰਨਾ ਹੈ ਤਾਂ ਫੇਰ ਪੰਜਾਬ ਸਰਕਾਰ ਚੋਣ ਕਿਉਂ ਕਰਵਾ ਰਹੀ ਹੈ। ਕਿਸਾਨ ਜਥੇਬੰਦੀਆਂ ਹਮਲਾਵਰਾਂ ਨੂੰ ਸ਼ਰਾਰਤੀ ਅਨਸਰ ਦੱਸ ਕੇ ਆਪਣਾ ਪੱਲਾ ਨਹੀਂ ਝਾੜ ਸਕਦੀਆਂ।

ਕਿਸਾਨ ਯੂਨੀਅਨ ਦੇ ਆਗੂ ਹਰਨੇਕ ਸਿੰਘ ਮੇਹਮਾ ਨੇ ਕਿਹਾ, "ਅਸ਼ਵਨੀ ਸ਼ਰਮਾ ਦਾ ਵਿਰੋਧ ਜ਼ਰੂਰ ਕੀਤਾ ਗਿਆ ਪਰ ਸ਼ਾਂਤਮਈ ਢੰਗ ਨਾਲ ਵਿਰੋਧ ਜਾਹਰ ਕੀਤਾ ਗਿਆ ਹੈ ਜੋ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਉਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੈ।"

ਇਸ ਮਾਮਲੇ ਤੇ ਐਸਪੀ ਐਚਜੀਐਸ ਚੀਮਾ ਨੇ ਕਿਹਾ,"ਅਸ਼ਵਨੀ ਸ਼ਰਮਾ ਇੱਥੋਂ ਜਾ ਚੁੱਕੇ ਹਨ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ। ਉਸੇ ਸਮੇਂ ਹਮਲੇ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੋਈ ਹਮਲਾ ਨਹੀਂ ਹੋਇਆ।"