ਚੰਡੀਗੜ੍ਹ: ਬੀਜੇਪੀ ਦੀ ਪੰਜਾਬ ਇਕਾਈ ਨੇ ਬੇਅਦਬੀ ਮਾਮਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਤਿੱਖਾ ਵਿਰੋਧ ਕੀਤਾ ਹੈ। ਪਾਰਟੀ ਲੀਡਰਾਂ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਕੈਪਟਨ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ 'ਚ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਰਣਜੀਤ ਸਿੰਘ ਰਿਪੋਰਟ ਰਾਹੀਂ ਭਾਵਨਾਤਮਕ ਮੁੱਦਿਆਂ 'ਤੇ ਸਿਆਸਤ ਖੇਡੀ ਜਾ ਰਹੀ ਹੈ।
ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਗਰਮਖਿਆਲੀਆਂ ਦੇ ਹੱਥਾਂ 'ਚ ਖੇਡ ਰਹੀ ਹੈ। ਰਣਜੀਤ ਸਿੰਘ ਰਿਪੋਰਟ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਹੀਂ ਸਗੋਂ ਸਿਆਸਤ ਦਾ ਪੱਤਾ ਖੇਡਣ ਲਈ ਤਿਆਰ ਕੀਤੀ ਗਈ ਹੈ। ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਬੀਜੇਪੀ ਵੀ ਚਾਹੁੰਦੀ ਹੈ ਕਿ ਬੇਅਦਬੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਪਰ ਕਾਂਗਰਸ ਗਰਮਖਿਆਲੀਆਂ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ।
ਮੀਟਿੰਗ ਦੌਰਾਨ ਬੀਜੇਪੀ ਲੀਡਰਾਂ ਨੇ ਕਾਂਗਰਸ ਤੇ ਗਰਮਖਿਆਲੀ ਲੀਡਰਾਂ ਦੀਆਂ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਅਜਿਹੇ ਤੱਤਾਂ ਨੂੰ ਮਜ਼ਬੂਤ ਕੀਤਾ ਹੈ ਜੋ ਪੰਜਾਬ 'ਚ ਸ਼ਾਂਤੀ ਨਹੀਂ ਦੇਖਣਾ ਚਾਹੁੰਦੇ। ਬੀਜੇਪੀ ਲੀਡਰ ਵਿਜੇ ਸਾਂਪਲਾ ਨੇ ਕਿਹਾ ਕਿ ਗਰਮਖਿਆਲੀਆਂ ਨਾਲ ਹੱਥ ਮਿਲਾ ਕੇ ਕਾਂਗਰਸ ਅੱਗ ਨਾਲ ਖੇਡ ਰਹੀ ਹੈ। ਉਹ ਆਪਣੀਆਂ ਪੁਰਾਣੀਆਂ ਗਲਤੀਆਂ ਦੁਹਰਾ ਰਹੀ ਹੈ ਜਦੋਂ ਇਸ ਨੇ ਖਾਲਿਸਤਾਨੀ ਹਮਾਇਤੀਆਂ ਨਾਲ ਹੱਥ ਮਿਲਾ ਕੇ ਸੂਬੇ ਨੂੰ ਸੰਕਟ 'ਚ ਪਾਇਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਸੋਚੀ ਸਮਝੀ ਚਾਲ ਤਹਿਤ ਸਿੱਖ ਗਰਮ ਖਿਆਲੀਆਂ ਨਾਲ ਖੇਡ ਕੇ ਹਿੰਦੂ ਵੋਟ ਬੈਂਕ ਮੁੜ ਆਪਣੇ ਵੱਲ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਰਗਾੜੀ 'ਚ ਧਰਨੇ 'ਤੇ ਬੈਠੇ ਗਰਮ ਖਿਆਲੀ ਲੀਡਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਹਿੰਦੂਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਵੀ ਪਸੰਦ ਨਹੀਂ ਕਰਦੇ।