ਬੀਜੇਪੀ ਮੁਤਾਬਕ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇੱਕ ਮੰਤਰੀ ਨੇ ਅਹੁਦਾ ਨਹੀਂ ਸੰਭਾਲਿਆ ਤੇ ਤਨਖ਼ਾਹ ਭੱਤੇ ਵੀ ਲੈ ਰਿਹਾ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਦੀ ਅਪੀਲ ਕੀਤੀ ਹੈ।
ਬੀਜੇਪੀ ਦੇ ਕੌਮੀ ਸਕੱਤਰ ਤਰੁਨ ਚੁੱਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਬੇਹੱਦ ਗੰਭੀਰ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੰਵਿਧਾਨਕ ਸੰਕਟ ਹੈ। ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਇੱਕ ਮੰਤਰੀ, ਜਿਸ ਨੇ ਅਹੁਦੇ ਦੀ ਸਹੁੰ ਚੁੱਕੀ ਹੈ, ਗ਼ੈਰ-ਹਾਜ਼ਰ ਹੈ। ਹਾਲਾਂਕਿ ਉਹ ਤਨਖ਼ਾਹ ਤੇ ਭੱਤਿਆਂ ਦਾ ਆਨੰਦ ਮਾਣ ਰਿਹਾ ਹੈ।
ਚੁੱਘ ਨੇ ਸਿੱਧੂ ਦੇ ਊਰਜਾ ਵਿਭਾਗ ਨਾ ਸੰਭਾਲਣ 'ਤੇ ਗੰਭੀਰ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿਭਾਗ ਬਦਲੇ ਜਾਣ ਬਾਅਦ ਸਿੱਧੂ ਦਾ ਕਾਰਜਭਾਰ ਨਾ ਸੰਭਾਲਣ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ। ਸਿੱਧੂ ਬਿਨਾ ਕੰਮ ਕੀਤੇ ਸਰਕਾਰੀ ਸੁਵਿਧਾਵਾਂ ਦਾ ਗ਼ਲਤ ਢੰਗ ਨਾਲ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਰਾਜਪਾਲ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।