ਲੁਧਿਆਣਾ: ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਕੇ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫ਼ੈਸਲੇ ਕੈਬਨਿਟ ਲੈਂਦੀ ਹੈ ਤੇ ਸਿੱਧੂ ਖ਼ੁਦ ਵੀ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਹਨ ਤੇ ਇਸ ਵੇਲੇ ਐਮਐਲਏ ਵੀ ਹਨ।
ਲੁਧਿਆਣਾ ਵਿਖੇ ਜ਼ਿਲ੍ਹਾ ਕਾਰਜਕਾਰਨੀ ਬੈਠਕ ਵਿੱਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣਾ ਕਾਂਗਰਸ ਪਾਰਟੀ ਦਾ ਫ਼ੈਸਲਾ ਹੈ। ਇਹ ਹਰ ਪਾਰਟੀ ਦਾ ਆਪਣਾ ਅਧਿਕਾਰ ਹੁੰਦਾ ਹੈ। ਸਿੱਧੂ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਕਹਾਣੀ ਦਿੱਲੀ ਵਿੱਚ ਲਿਖੀ ਗਈ ਹੈ, ਕਿਉਂਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ।
ਜਦੋਂ ਕਾਂਗਰਸ ਨੂੰ ਇਹ ਲੱਗਿਆ ਕਿ ਜਨਤਾ ਬਦਲਾਅ ਵੱਲ ਜਾ ਰਹੀ ਹੈ ਤਾਂ ਸਿੱਧੂ ਨੂੰ ਪ੍ਰਧਾਨ ਬਣਾਇਆ। ਸਿੱਧੂ ਨੇ ਵੀ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕੇ ਹਨ। ਜਿਹੜੇ ਖੁਦ ਵੀ ਕੈਬਨਿਟ ਮੰਤਰੀ ਰਹੇ ਹਨ ਤੇ ਐਮਐਲਏ ਹਨ ਤੇ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੇ।
ਭਾਜਪਾ ਦੇ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਪ੍ਰਕਿਰਿਆ ਰਹੀ ਹੈ ਕਿ ਪਹਿਲਾਂ ਕੌਮੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਬਾਅਦ ਜ਼ਿਲ੍ਹਾ ਤੇ ਮੰਡਲ ਕਾਰਜਕਾਰਨੀ ਕਮੇਟੀਆਂ ਦੇ ਮੀਟਿੰਗ ਹੁੰਦੀ ਹੈ ਤਾਂ ਜੋ ਵਰਕਰਾਂ ਦੇ ਵਿਚਾਰਾਂ ਨੂੰ ਕੌਮੀ ਪੱਧਰ ਤੇ ਪਹੁੰਚਾਇਆ ਜਾ ਸਕੇ।