ਕੈਪਟਨ ਦੇ ਹੱਕ 'ਚ ਡਟੀ ਬੀਜੇਪੀ
ਏਬੀਪੀ ਸਾਂਝਾ | 31 Jan 2018 06:48 PM (IST)
ਚੰਡੀਗੜ੍ਹ: ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਜ਼ਮੀਨ ਖਰੀਦਣ ਦੇ ਮਾਮਲੇ ਵਿੱਚ ਬੀਜੇਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਿਆ ਹੈ। ਪੰਜਾਬ ਬੀਜੇਪੀ ਦੇ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਨਾਲ ਲੱਗਦੇ 14 ਪਿੰਡਾਂ ਦੀ ਜ਼ਮੀਨ ਤੇ ਵਣ ਵਿਭਾਗ ਦੇ ਅਧਿਕਾਰੀ ਗ਼ਲਤ ਤਰੀਕੇ ਨਾਲ਼ ਭੂਮੀ ਰੱਖਿਆ ਐਕਟ ਲਾਗੂ ਕਰਦੇ ਰਹੇ ਹਨ। ਇਨ੍ਹਾਂ ਪਿੰਡਾਂ ਵਿੱਚ ਜ਼ਮੀਨ-ਜਾਇਦਾਦ ਖਰੀਦਣ ਤੇ ਵੇਚਣ ਉੱਪਰ ਕੋਈ ਪਾਬੰਦੀ ਨਹੀਂ। ਇਸ ਕਾਰਨ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਕੈਪਟਨ ਅਮਰਿੰਦਰ ਸਿੰਘ ਉਪਰ ਇਸ ਇਲਾਕੇ ਵਿੱਚ ਛੇ ਏਕੜ ਜ਼ਮੀਨ ਖਰੀਦਣ ਦੇ ਲਾਏ ਦੋਸ਼ ਬੇਬੁਨਿਆਦ ਹਨ। ਜੋਸ਼ੀ ਨੇ ਕਿਹਾ ਕਿ ਇਨ੍ਹਾਂ 14 ਪਿੰਡਾਂ ਵਿੱਚ ਬਾਰਸ਼ ਦੇ ਪਾਣੀ ਨਾਲ ਜ਼ਮੀਨ ਨਹੀਂ ਖੁਰਦੀ। ਇੱਥੋਂ ਤੱਕ ਕਿ ਗਿਰਦਾਵਰੀ ਵਿੱਚ ਇਹ ਦਰਜ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਸਾਲ ਵਿੱਚ ਦੋ ਫਸਲਾਂ ਹੁੰਦੀਆਂ ਹਨ। ਵਿਭਾਗ ਦੇ ਅਧਿਕਾਰੀ ਨਿਯਮਾਂ ਦੇ ਉਲਟ ਪਿੰਡਾਂ ਵਿੱਚ ਪੰਜਾਬ ਭੂਮੀ ਰੱਖਿਆ ਐਕਟ ਲਾਗੂ ਕਰਦੇ ਰਹੇ ਹਨ। ਜ਼ਿਲ੍ਹਾ ਜੰਗਲਾਤ ਅਧਿਕਾਰੀ ਡੀ.ਸੀ ਦੇ ਅਧਿਕਾਰ ਖੇਤਰ ਵਿੱਚ ਜਾ ਕੇ ਕਾਨੂੰਨ ਲਾਗੂ ਕਰਦੇ ਹਨ ਤੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਉਹ ਇਸ ਮੁੱਦੇ ਤੇ ਅਦਾਲਤ ਵਿੱਚ ਕੇਸ ਦਾਇਰ ਕਰਨਗੇ।