ਬੀਜੇਪੀ ਦੀ ਸਿੱਖ ਵੋਟਰਾਂ 'ਤੇ ਅੱਖ, ਅਕਾਲੀ ਦਲ ਔਖਾ
ਏਬੀਪੀ ਸਾਂਝਾ | 03 Feb 2019 05:40 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਬੀਜੇਪੀ ਦੀ ਸਿੱਖ ਵੋਟਰਾਂ 'ਤੇ ਅੱਖ ਸ਼੍ਰੋਮਣੀ ਅਕਾਲੀ ਦਲ ਨੂੰ ਚੁੱਭ ਰਹੀ ਹੈ। ਇਸ ਕਰਕੇ ਹੀ ਅਕਾਲੀ ਲੀਡਰਾਂ ਨੇ ਪਿਛਲੇ ਦਿਨੀਂ ਬੀਜੇਪੀ ਨੂੰ ਅੱਖਾਂ ਵਿਖਾਈਆਂ ਹਨ। ਇੱਥੋਂ ਤੱਕ ਕਿ ਬੀਜੇਪੀ ਨੂੰ ਗੱਠਜੋੜ ਤੋੜਨ ਦੀਆਂ ਧਮਕੀਆਂ ਵੀ ਦੇ ਦਿੱਤੀਆਂ। ਇਸ ਮਗਰੋਂ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼ਾਂਤ ਕਰਨਾ ਪਿਆ ਹੈ। ਦਰਅਸਲ ਬੀਜੇਪੀ ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਸ ਦੇ ਸਿਆਸਤ ਦੇ ਨਾਲ-ਨਾਲ ਹੋਰ ਵੀ ਡੂੰਘੇ ਸਰੋਕਾਰ ਹਨ। ਇਸ ਮਕਸਦ ਲਈ ਬੀਜੇਪੀ ਦੀ ਸਰਪ੍ਰਸਤ ਆਰਐਸਐਸ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਆਰਐਸਐਸ ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਇਸ ਲਈ ਸਰਗਰਮ ਹੈ। ਇਹੋ ਕਾਰਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਨੇ ਸ਼੍ਰੋਮਣੀ ਕਮੇਟੀ ਉਪਰ ਅਕਾਲੀ ਦਲ ਦੇ ਕਬਜ਼ੇ ਖਿਲਾਫ ਮੋਰਚਾ ਖੋਲ੍ਹਿਆ ਹੈ। ਪਿਛਲੇ ਸਮੇਂ ਵਿੱਚ ਮੋਦੀ ਸਰਕਾਰ ਨੇ ਸਿੱਧਾ ਸਿੱਖ ਮਸਲਿਆਂ ਵਿੱਚ ਦਖਲ ਦੇਣਾ ਸ਼ੁਰੂ ਕੀਤੀ ਹੈ। ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਕਈ ਐਲਾਨ ਵੀ ਕੀਤੇ ਹਨ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਤੇ ਸ਼੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਸਮਾਗਮ ਮਨਾਉਣ ਬਾਰੇ ਵੀ ਮੋਦੀ ਸਰਕਾਰ ਨੇ ਖੁਦ ਦੇ ਸਿਰ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਦੇ ਲੀਡਰ ਹਮੇਸ਼ਾਂ ਇਸ ਸਭ ਕਾਸੇ ਲਈ ਕੇਂਦਰ ਸਰਕਾਰ ਨੂੰ ਹੀ ਕ੍ਰੈਡਿਟ ਦਿੰਦੇ ਹਨ। ਇਸ ਗੱਲ ਤੋਂ ਅਕਾਲੀ ਦਲ ਦੇ ਲੀਡਰ ਔਖੇ ਹਨ। ਅਕਾਲੀ ਲੀਡਰ ਚਾਹੁੰਦੇ ਹਨ ਕਿ ਬੀਜੇਪੀ ਸਿੱਖਾਂ ਦੇ ਮਸਲਿਆਂ ਬਾਰੇ ਵਾਇਆ ਅਕਾਲੀ ਦਲ ਹੀ ਕੰਮ ਕਰੇ। ਇਸ ਬਾਰੇ ਸੁਖਬੀਰ ਬਾਦਲ ਨੇ ਲੰਘੇ ਦਿਨ ਅਮਿਤ ਸ਼ਾਹ ਨੂੰ ਸਪਸ਼ਟ ਵੀ ਕਰ ਦਿੱਤਾ ਹੈ। ਉਧਰ, ਬੀਜੇਪੀ ਨੂੰ ਵੀ ਇਸ ਗੱਲ਼ ਦਾ ਪਤਾ ਹੈ ਕਿ ਹਾਲ ਦੀ ਘਰੀ ਉਨ੍ਹਾਂ ਦਾ ਅਕਾਲੀ ਦਲ ਬਿਨਾ ਗੁਜ਼ਾਰਾ ਨਹੀਂ। ਇਸ ਲਈ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਸੁਖਬੀਰ ਬਾਦਲ ਦੇ ਬੋਲ ਬਦਲ ਗਏ। ਉਨ੍ਹਾਂ ਨੇ ਮੋਦੀ ਸਰਕਾਰ ਦੇ ਬਜ਼ਟ ਦੀ ਵੀ ਰੱਜ ਕੇ ਤਾਰੀਫ ਕੀਤੀ। ਉਂਝ ਇੱਕ ਫਰਵਰੀ ਨੂੰ ਬਜਟ ਪੇਸ਼ ਹੋਣ ਵੇਲੇ ਅਕਾਲੀ ਦਲ ਨੇ ਇਸ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਸੀ।