ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਕਿੰਗਰਾ ਨੇ ਪਾਰਟੀ ਤੋਂ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਭਗਵੰਤ ਮਾਨ ਤੇ ਦੁਰਗੇਸ਼ ਪਾਠਕ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਨੇ ਪੰਜਾਬ ਵਿੱਚੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਕਦੇ ਕਿਸੇ ਨੂੰ ਕੋਈ ਹਿਸਾਬ ਨਹੀਂ ਦਿੱਤਾ ਹੈ।

 

 

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਵੀ ਦੱਸਿਆ ਸੀ ਕਿ ਭਗਵੰਤ ਨੇ ਦਰਬਾਰ ਸਾਹਿਬ ਵਿੱਚ ਵੀ ਸ਼ਰਾਬ ਪੀਤੀ ਹੋਈ ਸੀ ਤੇ ਬਰਗਾੜੀ ਵਾਲੇ ਦਿਨ ਵੀ ਪੀਤੀ ਹੋਈ ਸੀ ਪਰ ਅਸੀਂ ਉਸ ਨੂੰ ਬਚਾਉਣ ਲਈ ਝੂਠ ਬੋਲਿਆ। ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਕਿਹਾ ਸੀ ਕਿ ਜੇ ਕੁਝ ਲੈਣਾ ਹੈ ਤਾਂ ਸੁੱਚਾ ਸਿੰਘ ਛੋਟੇਪੁਰ ਦਾ ਸਾਥ ਛੱਡ ਦਿਓ ਨਹੀਂ ਪਾਰਟੀ ਨੇ ਕੱਖ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਇਹ ਗੱਲ ਮੈਂ ਕੇਜਰੀਵਾਲ ਤੇ ਸੰਜੇ ਸਿੰਘ ਦੋਹਾਂ ਦੇ ਧਿਆਨ ਵਿੱਚ ਲਿਆਂਦੀ ਪਰ ਕਿਸੇ ਦੇ ਸਿਰ 'ਤੇ ਜੂੰ ਨਹੀਂ ਸਰਕੀ।

 

ਕਿੰਗਰਾ ਨੇ ਕਿਹਾ ਕਿ ਦੁਰਗੇਸ਼ ਸਿਰਫ਼ ਪੈਸੇ ਇਕੱਠੇ ਕਰਨ 'ਤੇ ਲੱਗਾ ਹੋਇਆ ਹੈ ਤੇ ਦਿੱਲੀ ਵਾਲੇ ਅਬਜ਼ਰਬਰ ਪੰਜਾਬੀਆਂ ਦਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਅਬਜ਼ਰਬਰਾਂ 'ਤੇ ਇਲਜ਼ਾਮ ਲਾਇਆ ਕਿ ਅਬਜ਼ਰਬਰ ਪੰਜਾਬੀਆਂ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਹਨ ਕਿ ਪੰਜਾਬੀਆਂ ਦੀਆ ਪੱਗਾਂ ਤੇ ਦਾੜੀ 'ਚ ਅਕਲ ਹੈ।

 

ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਕਹਿੰਦਾ ਹੈ ਕਿ ਮੈਂ ਚਾਣਕਿਆ ਹਾਂ ਤੇ ਪੰਜਾਬ ਲਈ ਮਸੀਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਇਹ ਸੋਚਦਾ ਸੀ ਕਿ ਕੇਜਰੀਵਾਲ ਵਰਗਾ ਬੰਦਾ ਇਹੋ ਜੇ ਬੰਦਿਆ ਨੂੰ ਪੰਜਾਬ ਸੰਭਾਲਣ ਲਈ ਕਿਵੇਂ ਭੇਜ ਸਕਦਾ ਹੈ।