ਮੋਗਾ: ਸ਼ਹਿਰ ਵਿੱਚ ਪਿਛਲੀ ਦਿਨੀਂ ਸਾਢੇ ਚਾਰ ਲੱਖ ਰੁਪਏ ਦੀ ਹੋਈ ਝੂਠੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਮੋਗਾ ਪੁਲਿਸ ਅਨੁਸਾਰ ਲੁੱਟ ਦੀ ਪੂਰੀ ਕਹਾਣੀ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਘੜੀ ਸੀ। ਹਰਪ੍ਰੀਤ ਦਾ ਭਰਾ ਸਾਈਪ੍ਰਸ ਵਿੱਚ ਰਹਿੰਦਾ ਹੈ। ਮੋਗਾ ਦੀ ਸੁਨੀਤਾ ਨਾਮਕ ਲੜਕੀ ਵੀ ਸਾਈਪ੍ਰਸ ਵਿੱਚ ਹੀ ਰਹਿੰਦੀ ਹੈ।
ਸਾਈਪ੍ਰਸ ਵਿੱਚ ਲੜਕੀ ਨੂੰ ਪੈਸਿਆਂ ਦੀ ਜ਼ਰੂਰਤ ਸੀ। ਲੜਕੀ ਨੇ ਹਰਪ੍ਰੀਤ ਨੂੰ ਆਪਣੇ ਘਰਦਿਆਂ ਤੋਂ ਸਾਢੇ ਚਾਰ ਲੱਖ ਰੁਪਏ ਲੈ ਕੇ ਸਾਈਪ੍ਰੈਸ ਭੇਜਣ ਲਈ ਆਖਿਆ। ਹਰਪ੍ਰੀਤ ਨੇ ਸੁਨੀਤਾ ਦੇ ਘਰ ਵਾਲਿਆਂ ਤੋਂ ਪੈਸੇ ਲੈ ਕੇ ਉਸ ਵਿੱਚੋਂ ਕੁਝ ਖ਼ਰਚ ਦਿੱਤੇ। ਇਸ ਗੱਲ ਨੂੰ ਲੁਕਾਉਣ ਲਈ ਹਰਪ੍ਰੀਤ ਨੇ ਲੁੱਟ ਦੀ ਕਹਾਣੀ ਆਪਣੇ ਦੋ ਸਾਥੀਆਂ ਨਾਲ ਘੜ ਲਈ।
ਮੋਗਾ ਦੇ ਐਸਐਸਪੀ ਹਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਝੂਠੀ ਕਹਾਣੀ ਲਈ ਹਰਪ੍ਰੀਤ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੋਟਰਸਾਈਕਲ ਉੱਤੇ ਫਾਇਰਿੰਗ ਤੱਕ ਵੀ ਕਰਵਾਈ। ਇਸ ਤੋਂ ਇਲਾਵਾ ਉਸ ਨੇ ਕੁਝ ਸੱਟਾਂ ਲੱਗੀਆਂ ਦਿਖਾਈਆਂ। ਪੁਲਿਸ ਨੂੰ ਹਰਪ੍ਰੀਤ ਦੀ ਕਹਾਣੀ ਉੱਤੇ ਕੁਝ ਸ਼ੱਕ ਹੋਇਆ।
ਜਾਂਚ ਦੌਰਾਨ ਲੁੱਟ ਦੀ ਪੂਰੀ ਕਹਾਣੀ ਫ਼ਰਜ਼ੀ ਨਿਕਲੀ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਪੂਰੀ ਕਹਾਣੀ ਬਿਆਨ ਕਰ ਦਿੱਤੀ। ਬਾਅਦ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਹਰਪ੍ਰੀਤ ਕੋਲੋਂ ਢਾਈ ਲੱਖ ਰੁਪਏ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ।