ਨਵੀਂ ਦਿੱਲੀ: ਮਸ਼ਹੂਰ ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। ਪ੍ਰਕਾਸ਼ ਰਾਜ ਅੱਜ ਤੋਂ ਹੀ 'ਆਪ' ਲਈ ਚੋਣ ਪ੍ਰਚਾਰ ਕਰਨਾ ਸ਼ੁਰੂ ਕਰਨਗੇ ਅਤੇ ਪਹਿਲੀ ਜਨ ਸਭਾ ਨੂੰ ਉੱਤਰ ਪੂਰਬੀ ਦਿੱਲੀ ਲੋਕ ਸਭਾ ਖੇਤਰ ਦੇ ਬਾਬਰਪੁਰ ਇਲਾਕੇ ਵਿੱਚ ਸੰਬੋਧਨ ਕਰਨਗੇ।

'ਆਪ' ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਵਿੱਚ 12 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਪ੍ਰਕਾਸ਼ ਰਾਜ ਸਾਰੇ ਸੱਤ ਹਲਕਿਆਂ ਵਿੱਚ ਪ੍ਰਚਾਰ ਕਰਨਗੇ। ਪ੍ਰਕਾਸ਼ ਰਾਜ ਖ਼ੁਦ ਵੀ ਬੇਂਗਲੁਰੂ ਮੱਧ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜ ਰਹੇ ਹਨ ਅਤੇ 'ਆਪ' ਸਮੇਤ ਹੋਰ ਕਈ ਪਾਰਟੀਆਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ।


ਇਸ ਦੌਰਾਨ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ 'ਆਪ' ਦੇ ਮੈਂਬਰ ਨਹੀਂ ਹਨ, ਪਰ ਇੱਕ ਆਮ ਨਾਗਰਿਕ ਦੀ ਹੈਸੀਅਤ ਨਾਲ ਉਹ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ 'ਤੇ ਚੋਣਾਂ ਨੂੰ ਧੰਦਾ ਬਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਰਾਸ਼ਟਰੀ ਪਾਰਟੀਆਂ ਕਾਰਨ ਦੀ ਚੋਣਾਂ ਭ੍ਰਿਸ਼ਟਾਚਾਰ ਦੀ ਜੜ੍ਹ ਬਣ ਗਈਆਂ ਹਨ।

ਪ੍ਰਕਾਸ਼ ਰਾਜ ਨੇ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਫਿਰਕਾਪ੍ਰਸਤ ਤੇ ਨਫ਼ਰਤ ਦੀ ਰਾਜਨੀਤੀ ਨੂੰ ਹਰਾਉਣ ਲਈ ਦੇਸ਼ ਨਾਲ ਪਿਆਰ ਕਰਨ ਵਾਲਿਆਂ ਨੂੰ ਇੱਕਜੁਟ ਹੋਣਾ ਪਵੇਗਾ। ਪ੍ਰਕਾਸ਼ ਰਾਜ ਅਦਾਕਾਰੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਦੇ ਅਲੋਚਕ ਵਜੋਂ ਵੀ ਮਸ਼ਹੂਰ ਹਨ। ਉਨ੍ਹਾਂ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਲਈ ਕਿੰਨੀ ਕੁ ਫਾਇਦੇਮੰਦ ਹੋਵੇਗੀ, ਇਹ ਦੇਖਣ ਲਾਇਕ ਹੋਵੇਗਾ।