ਪਟਿਆਲਾ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਕਾਂਡ 'ਤੇ ਮੁਆਫ਼ੀ ਨੂੰ ਚੋਣ ਸਟੰਟ ਦੱਸਿਆ। ਸਰਨਾ ਨੇ ਦਾਅਵਾ ਕੀਤਾ ਕਿ ਬਾਦਲ ਨੇ ਅਜਿਹਾ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਵਾਸਤੇ ਕੀਤਾ ਹੈ।

ਸਰਨਾ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਲਈ ਚੋਣ ਪ੍ਰਚਾਰ ਪਹੁੰਚੇ ਨਾਭਾ ਪਹੁੰਚੇ ਸਨ। ਇਸ ਮੌਕੇ ਸਰਨਾ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਬੇਅਦਬੀ ਹੋਈ ਤਾਂ ਉਦੋਂ ਮੁਆਫ਼ੀ ਨਹੀਂ ਮੰਗੀ ਤਾਂ ਹੁਣ ਕਿਸ ਚੀਜ ਦੀ ਮਾਫੀ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਹੀ ਮੁਆਫ਼ੀ ਹੈ ਕਿ ਤੁਸੀਂ ਪੰਜਾਬ ਦੀ ਸਿਆਸਤ ਤੋਂ ਲਾਂਭੇ ਹੋ ਜਾਵੋ।

ਪਰਮਜੀਤ ਸਿੰਘ ਸਰਨਾ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਜਿਹੜੀ ਵੋਟ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੂੰ ਪਾਵੇਗਾ ਉਹ ਗੁਰੂ ਦਾ ਦੇਣਦਾਰ ਹੋਵੇਗਾ ਇਤਿਹਾਸ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਸੰਤ ਸਮਾਜ ਨੂੰ ਅਪੀਲ ਕੀਤੀ ਕਿ ਸਾਰੇ ਦੇ ਸਾਰੇ ਬਾਦਲਾਂ ਨੂੰ ਹਰਾਉਣ ਲਈ ਇੱਕਮੁੱਠ ਹੋ ਜਾਣ।

ਸਰਨਾ ਨੇ ਅਕਾਲੀ ਦਲ ਦੇ ਮਰਹੂਮ ਨੇਤਾ ਤੇ ਬਾਦਲ ਸਰਕਾਰ ਵਿੱਚ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕੈਪਟਨ ਕੰਵਲਜੀਤ ਦੀ ਮੌਤ ਪਿੱਛੇ ਬਾਦਲਾਂ 'ਤੇ ਸ਼ੱਕ ਹੈ ਅਤੇ ਬਾਦਲ ਸਾਬ ਨੂੰ ਖ਼ਦਸ਼ਾ ਸੀ ਕਿ ਉਹ ਉਸ ਦੀ ਕੁਰਸੀ ਲਈ ਖ਼ਤਰਾ ਹੈ ਤਾਂ ਹੀ ਉਸ ਨੂੰ ਹਟਾਇਆ ਗਿਆ।