ਜਲੰਧਰ: ਕਰਤਾਰਪੁਰ ਦੇ ਰੇਲਵੇ ਸਟੇਸ਼ਨ 'ਤੇ ਬੰਬਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਰੇਲਵੇ ਤੇ ਕਰਤਾਰਪੁਰ ਪੁਲਿਸ ਨੇ ਮੌਕੇ 'ਤੇ ਪਹੁੰਚ ਸ਼ੱਕੀ ਵਸਤੂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਕਸ਼ਮੀਰ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨਾਲ ਵਿਗੜੇ ਰਿਸ਼ਤਿਆਂ ਕਰਕੇ ਪੰਜਾਬ ਹਾਈ ਅਲਰਟ 'ਤੇ ਹੈ। ਕੈਪਟਨ ਅਮਰਿੰਦਰ ਸਿੰਘ ਖੁਦ ਇਸ ਗੱਲ ਬਾਰੇ ਬਿਆਨ ਦੇ ਚੁੱਕੇ ਨੇ ਕਿ ਉਨ੍ਹਾਂ ਨੂੰ ਪੰਜਾਬ ਅੰਦਰ ਫਿਦਾਇਨ ਹਮਲੇ ਦਾ ਡਰ ਹੈ। ਅਜਿਹੇ 'ਚ ਸੂਬੇ ਭਰ ਦੀ ਪੁਲਿਸ ਮੁਸਤੈਦ ਹੈ। ਇਸੇ ਵਿਚਾਲੇ ਅੱਜ ਕਰਤਾਰਪੁਰ ਤੋਂ ਆਈ ਖਬਰ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਸ਼ੁੱਕਰਵਾਰ ਦੀ ਦੁਪਹਿਰ ਕਰੀਬ 12 ਵਜੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ 'ਤੇ ਬੰਬਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਫੈਲ ਗਈ।

ਡੀਐਸਪੀ ਕਰਤਾਰਪੁਰ ਐਸਪੀ ਧੋਗੜੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਰੇਲਵੇ ਤੇ ਕਰਤਾਰਪੁਰ ਦੀ ਪੁਲਿਸ ਮੌਕੇ 'ਤੇ ਪਹੁੰਚੀ। ਡੌਗ ਸਕਵਾਈਡ ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਸ਼ੱਕੀ ਵਸਤੂ ਨੂੰ ਖੰਗਾਲਿਆ ਤਾਂ ਉਹ ਡਿਜੀਟਲ ਸਾਊਂਡ ਸਿਸਟਮ ਨਿਕਲਿਆ। ਇਸ ਦੇ ਅੰਦਰ ਲੱਗੇ ਬਲੂਟੁੱਥ ਦੀ ਲਾਈਟ ਜੱਗ ਰਹੀ ਸੀ।

ਡੀਐਸਪੀ ਨੇ ਦੱਸਿਆ ਕਿ ਪੁਲਿਸ ਦੀ ਗਸ਼ਤ ਚੱਪੇ-ਚੱਪੇ 'ਤੇ ਜਾਰੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।