ਹੁਸ਼ਿਆਰਪੁਰ: ਇੰਜਨੀਅਰ ਲਾੜੇ ਸੰਦੀਪ ਸਿੰਘ ਸਹੋਤਾ ਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਲਾੜੀ ਕੌਰ ਪਾਲ ਨੇ ਆਪਣੇ ਵਿਆਹ ਦੀ ਵੱਖਰੀ ਮਿਸਾਲ ਪੇਸ਼ ਕੀਤੀ। ਇਨ੍ਹਾਂ ਨੇ ਨਵੇਂ ਅੰਦਾਜ਼ ਵਿੱਚ ਵਿਆਹ ਕਰਾਇਆ। ਪਿੰਡ ਭਾਰਟਾ-ਗਣੇਸ਼ਪੁਰ ਵਿੱਚ ਵਿਆਹ ਦੀਆਂ ਤਿਆਰੀਆਂ ਬਾਹਰੋਂ ਤਾਂ ਆਮ ਵਿਆਹ ਵਰਗੀਆਂ ਲੱਗਦੀਆਂ ਸਨ, ਪਰ ਅੰਦਰ ਦਾ ਨਜ਼ਾਰਾ ਕੁਝ ਹੋਰ ਹੀ ਸੀ।
ਇਸ ਵਿਆਹ ਵਿੱਚ ਡੀਜੇ ਦੀ ਜਗ੍ਹਾ ਸਾਹਿਤਕਾਰਾਂ ਨੂੰ ਬੁਲਾ ਕੇ ਕਵੀ ਸੰਮੇਲਨ ਕਰਾਇਆ ਗਿਆ। ਕਵੀਆਂ ਨੇ ਸ਼ੇਅਰੋ-ਸ਼ਾਇਰੀ ਨਾਲ ਬਾਰਾਤੀਆਂ ਦਾ ਮਨੋਰੰਜਨ ਕੀਤਾ। ਵਿਆਹ ਵਿੱਚ ਪੰਜਾਬ ਦੇ ਮਸ਼ਹੂਰ 112 ਸ਼ਾਇਰਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾਂ ਦੀ ਥਾਂ ’ਤੇ ਕਿਤਾਬਾਂ ਦੇ ਸਟਾਲ ਲਾਏ ਗਏ।
ਇਸ ਵਿਆਹ ਵਿੱਚ ਬਾਰਾਤੀਆਂ ਨੇ ਕਵੀਆਂ ਦੀਆਂ ਰਚਨਾਵਾਂ ਤੇ ਗ਼ਜ਼ਲਾਂ ’ਤੇ ਭੰਗੜੇ ਪਾਏ। ਦੋ ਪੰਜਾਬੀ ਸਾਹਿਤ ਤੇ ਹੋਰ ਕਿਤਾਬਾਂ ਦੇ ਸਟਾਲ ਲਾਏ ਗਏ। ਬਾਰਾਤੀਆਂ ਤੇ ਆਮ ਲੋਕਾਂ ਨੇ ਪੰਜਾਬੀ ਸਾਹਿਤ ਨਾਲ ਭਰਪੂਰ ਇਸ ਵਿਆਹ ਦੀ ਕਾਫੀ ਤਾਰੀਫ ਕੀਤੀ। ਦੱਸਿਆ ਜਾਂਦਾ ਹੈ ਕਿ ਵਿਆਹ ਸਮਾਗਮ ਵਿੱਚ ਪੁੱਜੇ 455 ਮਹਿਮਾਨਾਂ ਨੇ ਕਰੀਬ 9 ਹਜ਼ਾਰ ਰੁਪਏ ਦੀਆਂ ਕਿਤਾਬਾਂ ਖਰੀਦੀਆਂ।
ਪਰਿਵਾਰ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ
ਲਾੜੀ ਦੇ ਪਿਤਾ ਪ੍ਰੀਤਨੀਤ ਪੁਰੀ ਪੰਜਾਬੀ ਕਹਾਣੀਕਾਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੈ। ਇੰਟਰਨੈਟ ਦੇ ਯੁਗ ਵਿੱਚ ਲੋਕਾਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਲੋਕ ਕਾਹਲੀ ਵਿੱਚ ਰਹਿੰਦੇ ਹਨ, ਇਸ ਲਈ ਸਾਹਿਤ ਪੜ੍ਹਨ ਦਾ ਕਿਸੇ ਕੋਲ ਸਮਾਂ ਵੀ ਨਹੀਂ ਹੈ। ਇਸ ਲਈ ਵਿਆਹ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਖਾਣ-ਪੀਣ ਦੇ 25 ਸਟਾਲਾਂ ਨਾਲ 2 ਕਿਤਾਬਾਂ ਦੇ ਸਟਾਲ ਵੀ ਲਾਏ।