ਚੰਡੀਗੜ੍ਹ: ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮੁੱਦਿਆਂ 'ਤੇ ਸਿਆਸਤ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਅਕਾਲੀ ਦਲ ਹੁਣ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ। ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਧਾਵਾ ਬੋਲਿਆ।


ਦਰਅਸਲ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੜਬੜੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੂੰ ਘੇਰਨ ਲਈ ਨਿਕਲੇ। ਉਂਝ ਪੰਜਾਬ ਸਰਕਾਰ ਨੇ ਇਸ ਕਿਤਾਬ ਨੂੰ ਵਾਪਸ ਲੈ ਕੇ ਮਾਮਲਾ ਸੁਲਝਾ ਲਿਆ ਹੈ ਪਰ ਅਕਾਲੀ ਦਲ ਇਸ ਨੂੰ ਵੀ ਸਿਆਸਤ ਦਾ ਚੰਗਾ ਮੌਕਾ ਮੰਨ ਰਿਹਾ ਹੈ।

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪ੍ਰਦਰਸ਼ਨਕਾਰੀਆਂ ਨੇ ਬੈਰੀਕੈਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।

ਦਰਅਸਲ ਅਕਾਲੀ ਦਲ ਨੇ ਇਹ ਕਾਰਵਾਈ ਚੁੱਪ-ਚੁਪੀਤੇ ਢੰਗ ਨਾਲ ਕਰਨ ਦੀ ਰਣਨੀਤੀ ਘੜੀ। ਅਕਾਲੀ ਦਲ ਨੇ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰਨੀ ਸੀ। ਮੀਡੀਆ ਕੋਲ ਇਸ ਬਾਰੇ ਹੀ ਸੂਚਨਾ ਸੀ। ਇਸ ਮਗਰੋਂ ਅਚਾਨਕ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੂੰ ਘੇਰਨ ਦਾ ਪ੍ਰੋਗਰਾਮ ਬਣਾ ਲਿਆ ਗਿਆ।