ਅੰਮ੍ਰਿਤਸਰ/ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੈਦਾ ਹੋਏ ਤਣਾਅ ਨੂੰ ਵੀ ਹੁਣ ਇੱਕ ਰਾਜਨੀਤਕ ਮੁੱਦੇ ਦੇ ਤੌਰ 'ਤੇ ਉਭਾਰਿਆ ਜਾ ਰਿਹਾ ਹੈ। ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ ਕਿ ਸਰਹੱਦੀ ਇਲਾਕਿਆਂ ਦਾ ਮੁੱਦਾ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਗੁੰਜੇਗਾ।
ਆਮ ਆਦਮੀ ਪਾਰਟੀ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਕਿ ਜੇਕਰ ਰਾਜਸਥਾਨ ਜਾਂ ਹੋਰ ਸਰਹੱਦੀ ਸੂਬਿਆਂ ਵਿੱਚ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਜਾ ਰਿਹਾ ਤਾਂ ਸਿਰਫ ਪੰਜਾਬ ਵਿੱਚ ਹੀ ਕਿਉਂ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਹੁਣ ਪੰਜਾਬ ਕਾਂਗਰਸ ਨੇ ਵੀ ਇਹ ਮੁੱਦ ਭਖਾਉਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ 10 ਅਕਤੂਬਰ ਤੋਂ ਝੁੰਡ ਦੇ ਸਰਹੱਦੀ ਇਲਾਕੇ ਰਾਜਾਤਾਲ ਦੇ ਇੱਕ ਘਰ ਵਿੱਚ ਰਹਿਣਗੇ। ਕੈਪਟਨ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਫਸਲ ਦੀ ਕਟਾਈ ਤੇ ਖਰੀਦ ਨਹੀਂ ਹੋ ਜਾਂਦੀ, ਉਹ ਸਰਹੱਦੀ ਖੇਤਰ ਵਿੱਚ ਹੀ ਰਹਿਣਗੇ। ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਖਾਲੀ ਕਰਕੇ ਨਾ ਜਾਣ। ਕੈਪਟਨ ਨੇ ਕਿਹਾ ਹੈ ਕਿ ਸਿਰਫ ਯੂ.ਪੀ. ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਰਤ-ਪਾਕਿ ਸੀਮਾ 'ਤੇ ਤਣਾਅ ਦੇ ਨਾਮ 'ਤੇ ਲੋਕਾਂ ਨੂੰ ਘਰੋਂ ਕੱਢਿਆ ਜਾ ਰਿਹਾ ਹੈ, ਜਦਕਿ ਹਾਲੇ ਤੱਕ ਸੈਨਾ ਨੇ ਆਪਣਾ ਮੋਰਚਾ ਨਹੀਂ ਸੰਭਾਲਿਆ। ਬਾਜਵਾ ਨੇ ਇਲਜ਼ਾਮ ਲਾਇਆ ਕਿ ਲੋਕਾਂ ਤੋਂ ਜਬਰਨ ਪਲਾਇਨ ਕਰਵਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਆਪਣਾ ਮਤਲਬ ਪੂਰਾ ਕਰ ਰਹੀ ਹੈ।