ਚੰਡੀਗੜ੍ਹ: "ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹੀਦਾ ਹੈ ਤੇ ਮੇਰੇ ਮੁਤਾਬਕ ਉਹ ਹੀ ਅਗਲੀ ਸਰਕਾਰ 'ਚ ਸਾਡੇ ਮੁੱਖ ਮੰਤਰੀ ਬਣਨਗੇ।" ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਨੇ ਕਰਨਾ ਹੈ ਪਰ ਮੇਰੀ ਨਿੱਜੀ ਰਾਇ ਹੈ ਕਿ ਸੁਖਬੀਰ ਬਾਦਲ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤਜ਼ਰਬੇਕਾਰ ਲੀਡਰ ਹਨ ਤੇ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦੇਣ ਹੈ ਪਰ ਸੁਖਬੀਰ ਬਾਦਲ ਨੇ ਵੀ ਪੰਜਾਬ ਦੇ ਵਿਕਾਸ ਲਈ ਬਿਜਲੀ ਸਰਪੱਲਸ ਜਿਹੇ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਸੁਖਬੀਰ ਬਾਦਲ ਵੱਡੀ ਭੂਮਿਕਾ ਨਿਭਾਅ ਸਕਦੇ ਹਨ।
ਮਲੂਕਾ ਨੇ ਵਰਲਡ ਕਬੱਡੀ ਕੱਪ ਦੇ ਸੰਦਰਭ 'ਚ ਕਿਹਾ ਕਿ ਪਾਕਿਸਤਾਨ ਦੀ ਟੀਮ ਨੂੰ ਸੁਨੇਹਾ ਤਾਂ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਪਰ ਹੁਣ ਮਾਹੌਲ ਵਿਗੜਣ ਕਾਰਨ ਉਨ੍ਹਾਂ ਨੂੰ ਕਬੱਡੀ ਕੱਪ ਦਾ ਹਿੱਸਾ ਨਾ ਬਣਾਉਣ 'ਤੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਆਖਰੀ ਫੈਸਲਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਖੇਡਾਂ ਮੁਲਕਾਂ 'ਚ ਭਾਈਚਾਰਾ ਤੇ ਪਿਆਰ ਪੈਦਾ ਕਰਦੀਆਂ ਹਨ ਪਰ ਜਦੋਂ ਹਾਲਤ ਬੇਹੱਦ ਨਾਸਾਜ਼ ਹੋਣ ਤਾਂ ਇਸ ਬਾਰੇ ਸੋਚਿਆ ਨਹੀਂ ਜਾ ਸਕਦਾ ਹੈ।
ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਵਾ ਨਿਕਲ ਚੁੱਕੀ ਹੈ ਤੇ ਲੋਕ 'ਆਪ' ਦੇ ਲੀਡਰਾਂ 'ਤੇ ਭ੍ਰਿਸ਼ਟਾਚਾਰ, ਜਿਨਸੀ ਸੋਸ਼ਣ ਆਦਿ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਸਰਵੇਖਣ ਝੂਠੇ ਹਨ ਤੇ ਸੂਬੇ 'ਚ ਅਕਾਲੀ ਦਲ-ਬੀਜੇਪੀ ਗਠਜੋੜ ਹੀ ਅਗਲੀ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਵਿਰੋਧੀ ਵੀ ਮੰਨਦੇ ਹਨ ਤੇ ਵਿਰੋਧੀਆਂ ਵੱਲੋਂ ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਮਲੂਕਾ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਤੀਜੀ ਵਾਰ ਅਕਾਲੀ ਦਲ-ਬੀਜੇਪੀ ਦੀ ਸਰਕਾਰ ਬਣੇਗੀ ਤੇ ਪੰਜਾਬ ਦੇ ਲੋਕ ਬਾਹਰੀਆਂ 'ਤੇ ਨਹੀਂ ਪੰਜਾਬ ਦੀ ਲੀਡਰਸ਼ਿਪ 'ਤੇ ਵਿਸ਼ਵਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ।