ਅੰਮ੍ਰਿਤਸਰ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ
ਏਬੀਪੀ ਸਾਂਝਾ | 11 May 2018 05:14 PM (IST)
ਅੰਮ੍ਰਿਤਸਰ: ਇੱਥੋਂ ਦੀ ਫਤਿਹ ਸਿੰਘ ਕਲੋਨੀ ਦੇ ਰਹਿਣ ਵਾਲੇ ਸਾਜਨ ਨਾਂ ਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸੀ ਕਰਨ ਤੋਂ ਪਹਿਲਾਂ ਉਸ ਨੇ ਵੀਡੀਓ ਬਣਾਈ ਜਿਸ ਵਿੱਚ ਉਸ ਨੇ ਇਲਾਕੇ ਦੇ ਕੁਝ ਲੋਕਾਂ ਵੱਲੋਂ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ ਤੇ ਉਸ ਦੀ ਖ਼ੁਦਕਸ਼ੀ ਪਿੱਛੇ ਵੀ ਇਹੀ ਕਾਰਨ ਹੈ। ਪਰਿਵਾਰ ਮੁਤਾਬਕ ਮੋਬਾਈਲ ਨਾਲ ਵੀਡੀਓ ਬਣਾਉਣ ਪਿੱਛੋਂ ਉਸ ਨੇ ਘਰ ਵਿੱਚ ਫਾਹਾ ਲੈ ਲਿਆ। ਸਾਜਨ ਦੇ ਭਰਾ ਸੂਰਜ ਨੇ ਦੱਸਿਆ ਕਿ ਉਨ੍ਹਾਂ ਦੀ ਗਲ਼ੀ ’ਚ ਰਹਿਣ ਵਾਲੇ ਸ਼੍ਰੀ ਰਾਮ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਤੇ ਬਾਅਦ ਵਿੱਚ ਉਨ੍ਹਾਂ ਦੇ ਹੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ। ਉਸ ਮੁਤਾਬਕ ਪਰਿਵਾਰ ਦੀ ਬੇਇਜ਼ਤੀ ਸਾਜਨ ਕੋਲੋਂ ਬਰਦਾਸ਼ਤ ਨਹੀਂ ਹੋਈ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਮ੍ਰਿਤਕ ਸਾਜਨ ਦੇ ਪਿਤਾ ਦਿ ਹਵਾਲਾ ਦਿੰਦਿਆਂ ਦੱਸਿਆ ਕਿ ਸਾਰੇ ਪਰਿਵਾਰਿਕ ਮੈਂਬਰ ਸਾਜਨ ਦੇ ਦਾਦਾ ਘਰ ਗਏ ਹੋਏ ਸੀ। ਜਦੋਂ ਸ਼ਾਮ ਨੂੰ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਵੇਖਿਆ ਕਿ ਸਾਜਨ ਫਾਹੇ ਨਾਲ ਲਟਕ ਰਿਹਾ ਸੀ। ਇਸ ਪਿੱਛੋਂ ਪਰਿਵਾਰ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਸਾਜਨ ਦੇ ਮੋਬਾਈਲ ਤੋਂ ਮਿਲੀ ਵੀਡੀਓ ਦੇ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।