ਗੁਰਦਾਸਪੁਰ: ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਰ ਨੇੜੇ ਹੋਏ ਪੁਲਿਸ ਮੁਕਾਬਲੇ 'ਚ ਮਾਰੇ ਗਏ ਨੌਜਵਾਨ ਸੰਨੀ ਮਸੀਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਿੰਦੋਵਾਲ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਸੁਣਦਿਆਂ ਹੀ ਮ੍ਰਿਤਕ ਨੌਜਵਾਨ ਦਾ ਪਰਿਵਾਰ ਗੁਰਦਾਸਪੁਰ ਦੇ ਐਸਐਸਪੀ ਦਫ਼ਤਰ ਪਹੁੰਚਿਆ। ਪਰਿਵਾਰ ਵਾਲਿਆਂ ਨੇ ਸੰਨੀ ਨੂੰ ਬੇਕਸੂਰ ਦੱਸਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।


ਇਸ ਮੌਕੇ ਮ੍ਰਿਤਕ ਸੰਨੀ ਦੇ ਚਾਚਾ ਜੋ ਮੌਜੂਦਾ ਸਮੇਂ ਪਿੰਡ ਦਾ ਸਰਪੰਚ ਹੈ ਨੇ ਦੱਸਿਆ ਕਿ ਇਸ ਮਹੀਨੇ ਦੀ 11 ਤਾਰੀਖ ਨੂੰ ਉਹ ਘਰ ਇਹ ਕਹਿ ਕੇ ਗਿਆ ਸੀ ਕਿ ਉਸ ਨੂੰ ਕਿਸੇ ਟੋਲ ਪਲਾਜ਼ਾ 'ਚ ਨੌਕਰੀ ਮਿਲ ਗਈ ਹੈ। ਪਰਿਵਾਰ ਵਾਲਿਆਂ ਨੇ ਨੌਜਵਾਨ ਦੇ ਐਨਕਾਊਂਟਰ 'ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਪੂਰੇ ਪੰਜਾਬ 'ਚ ਉਸ ਦੇ ਨਾਂਅ 'ਤੇ ਕੋਈ ਮਾਮਲਾ ਦਰਜ ਨਹੀਂ ਹੈ ਜਦਕਿ ਪੁਲਿਸ ਉਸ ਨੂੰ ਗੈਂਗਸਟਰ ਦੱਸ ਰਹੀ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਪੁਖਤਾ ਜਾਂਚ ਕੀਤੀ ਜਾਵੇ।


ਸੰਨੀ ਦੇ ਪਿੰਡ ਨਾਲ ਸਬੰਧਤ ਥਾਣੇ ਦੇ ਇੰਚਾਰਜ ਦਾ ਵੀ ਕਹਿਣਾ ਹੈ ਕਿ ਉਕਤ ਨੌਜਵਾਨ 'ਤੇ ਕੋਈ ਕੇਸ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਨੀ ਦੇ ਪਰਿਵਾਰ ਦਾ ਇਲਾਕੇ 'ਚ ਚੰਗਾ ਰਸੂਖ ਹੈ।