'ਚਿੱਟੇ' ਨੇ ਨਿਗਲ਼ਿਆ ਮਾਪਿਆਂ ਦਾ ਇਕਲੌਤਾ ਪੁੱਤ, ਸਾਥੀ ਗੰਭੀਰ
ਏਬੀਪੀ ਸਾਂਝਾ | 05 Dec 2017 07:21 PM (IST)
ਪਟਿਆਲਾ: ਨਾਭਾ 'ਚ ਦੋ ਨੌਜਵਾਨਾਂ ਨੇ ਨਸ਼ੇ ਦੀ ਜ਼ਿਆਦਾ ਮਾਤਾਰਾ ਲੈ ਲਈ, ਜਿਸ ਕਾਰਨ ਇੱਕ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਹਾਲਤ ਵਿੱਚ ਹੈ। ਮ੍ਰਿਤਕ ਨੌਜਵਾਨ ਦਾ ਨਾਂਅ ਮਨਿੰਦਰਦੀਪ ਸਿੰਘ ਹੈ ਅਤੇ ਉਸ ਦੇ ਸਾਥੀ ਵਰਿੰਦਰਜੀਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ, ਜਿਸ ਦਾ ਪਟਿਆਲਾ ਇਲਾਜ ਕੀਤਾ ਜਾ ਰਿਹਾ ਹੈ। ਜਦੋਂ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਦੋਵਾਂ ਦੇ ਮੂੰਹ 'ਚੋਂ ਝੱਗ ਨਿੱਕਲ ਰਹੀ ਸੀ, ਜਿੱਥੇ ਡਾਕਟਰਾਂ ਨੇ 27 ਸਾਲਾ ਮਨਜਿੰਦਰਦੀਪ ਸਿੰਘ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੁੱਗਾਂ ਦੇ ਰਹਿਣ ਵਾਲੇ ਵਜੋਂ ਹੋਈ ਸੀ। ਦੂਜਾ ਮੁੰਡਾ ਵਰਿੰਦਰਜੀਤ ਸਿੰਘ ਜਿਸ ਦੀ ਉਮਰ 26 ਸਾਲ ਹੈ, ਸੰਗਰੂਰ ਦੇ ਪਿੰਡ ਲੱਖੇਵਾਲ ਦਾ ਰਹਿਣ ਵਾਲਾ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਪ੍ਰਤੱਖ ਦਰਸ਼ੀ ਚਰਨਜੀਤ ਨੇ ਦੱਸਿਆ ਕਿ ਇਹ ਦੋਵੇਂ 'ਚਿੱਟੇ' ਦਾ ਸੇਵਨ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉਹ ਦੋਵਾਂ ਲੜਕਿਆਂ ਨਾਲ ਬਾਗੜੀਆਂ ਪਿੰਡ ਗਿਆ ਸੀ ਅਤੇ ਇਹ ਦੋਵੇਂ ਡਰੱਗਜ਼ ਲਿਆ ਕੇ ਕਾਰ ਅੰਦਰ ਹੀ ਲੈਣ ਲੱਗ ਪਏ। ਉਸ ਨੇ ਦੱਸਿਆ ਕਿ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਕਾਰਨ ਦੋਵਾਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪਈ ਅਤੇ ਫਿਰ ਉਹ ਉਨ੍ਹਾਂ ਨੂੰ ਹਸਪਤਾਲ ਲੈ ਆਇਆ। ਇਸ ਸਬੰਧੀ ਮ੍ਰਿਤਕ ਦੇ ਮਾਮਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਨਜਿੰਦਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਆਪਣੇ ਭਾਣਜੇ ਨੂੰ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਮਰਗੜ੍ਹ ਥਾਣੇ ਦੇ ਇੰਚਾਰਜ ਨੂੰ ਕਾਰਵਾਈ ਲਈ ਲਿਖਤੀ ਰੂਪ ਵਿੱਚ ਭੇਜਿਆ ਜਾ ਰਿਹਾ ਹੈ, ਪਰ ਫਿਲਹਾਲ ਉਨ੍ਹਾਂ ਧਾਰਾ 174 ਦੀ ਕਾਰਵਾਈ ਕਰ ਦਿੱਤੀ ਹੈ। ਦੱਸ ਦੇਈਏ ਕਿ ਕਾਨੂੰਨ ਦੀ ਇਸ ਧਾਰਾ ਤਹਿਤ ਕਾਰਵਾਈ ਉਦੋਂ ਕੀਤੀ ਜਾਂਦੀ ਹੈ ਜਦੋਂ ਮਾਮਲਾ ਖ਼ੁਦਕੁਸ਼ੀ ਨਾਲ ਸਬੰਧਤ ਹੋਵੇ। ਬੇਸ਼ੱਕ ਕੈਪਟਨ ਸਰਕਾਰ ਵੱਲੋਂ ਪੰਜਾਬ 'ਚੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਖੋਖਲੇ ਸਾਬਤ ਹੁੰਦੇ ਵਿਖਾਈ ਦੇ ਰਹੇ ਹਨ।