ਮੋਗਾ: ਕੋਰੋਨਾ ਦਾ ਪ੍ਰਕੋਪ ਰੋਕਣ ਲਈ ਦੇਸ਼ ਭਰ 'ਚ ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਸੜਕਾਂ ਤੋਂ ਲੋਕ ਗਾਇਬ ਹਨ। ਅਜਿਹੇ 'ਚ ਨੌਜਵਾਨ ਵਿਆਹ ਕਰਕੇ ਆਪਣੀ ਦੁਲਹਨ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲਿਆਇਆ। ਸੜਕ 'ਤੇ ਚੱਲਣ ਤੇ ਵਿਆਹ ਕਰਾਉਣ ਦੀ ਨੌਜਵਾਨ ਵੱਲੋਂ ਇਜਾਜ਼ਤ ਲਈ ਗਈ ਸੀ। ਪੁਲਿਸ ਵੱਲੋਂ ਵੀ ਇਸ ਨਵ ਵਿਆਹੇ ਜੋੜੇ ਦਾ ਸੁਆਗਤ ਕੀਤਾ ਗਿਆ ਤੇ ਕੇਕ ਕੱਟ ਕੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
19 ਅਪ੍ਰੈਲ ਨੂੰ ਬਾਘਾਪੁਰਾਣਾ ਦੇ ਪਿੰਡ ਰਾਜੇਆਣਾ ਦੇ ਕ੍ਰਿਸ਼ਨ ਸਿੰਘ ਤੇ ਫ਼ਿਰੋਜ਼ਪੁਰ ਦੇ ਸ਼ਹਿਜਾਦੀ ਪਿੰਡ ਦੀ ਰਹਿਣ ਵਾਲੀ ਮਨਜੀਤ ਕੌਰ ਲਈ ਹਮੇਸ਼ਾ ਯਾਦਗਾਰ ਰਹੇਗਾ। ਘਰ ਦੇ ਸਿਰਫ਼ ਪੰਜ ਮੈਂਬਰਾਂ ਨਾਲ ਵਿਆਹ ਕਰਨ ਵਾਲੇ ਕ੍ਰਿਸ਼ਨ ਕੁਮਾਰ ਦਾ ਬਾਘਾਪੁਰਾਣਾ ਪੁਲਿਸ ਵੱਲੋਂ ਸੁਆਗਤ ਕੀਤਾ ਗਿਆ।
ਲੰਗੇਆਣਾ ਪਿੰਡ ਤੋਂ ਮੋਟਰਸਾਇਕਲ ਤੇ ਪਤਨੀ ਨੂੰ ਲੈ ਕੇ ਆ ਰਹੇ ਕ੍ਰਿਸ਼ਨ ਸਿੰਘ ਨੂੰ ਚਾਰ ਪੁਲਿਸ ਕਰਮੀਆਂ ਨੇ ਦੋ ਮੋਟਰਸਾਈਕਲਾਂ 'ਤੇ ਐਸਕਾਰਟ ਕੀਤਾ। ਜਦਕਿ ਮੇਨ ਚੌਕ 'ਤੇ ਦੋਵਾਂ ਦਾ ਵੈਡਿੰਗ ਕੇਕ ਕਟਵਾਉਣ ਲਈ ਐਸਪੀ ਐਚ ਰਤਨ ਸਿੰਘ ਬਰਾੜ, ਬਾਘਾਪੁਰਾਣਾ ਦੇ ਡੀਐਸਪੀ ਰਵਿੰਦਰ ਸਿੰਘ ਤੇ ਥਾਣਾ ਪ੍ਰਭਾਰੀ ਕੁਲਵਿੰਦਰ ਸਿੰਘ ਧਾਲੀਵਾਲ ਪੁਲਿਸ ਪਾਰਟੀ ਨਾਲ ਮੌਜੂਦ ਰਹੇ।
ਸਮਾਜਿਕ ਦੂਰੀ ਬਣਾਕੇ ਰੱਖਣ ਤੇ ਕਰਫ਼ਿਊ ਨਿਯਮਾਂ ਦਾ ਪਾਲਣ ਕਰਦਿਆਂ ਵਿਆਹ ਕਰਾਉਣ ਵਾਲੀ ਜੋੜੀ ਦਾ ਇਸ ਤਰ੍ਹਾਂ ਪੁਲਿਸ ਵੱਲੋਂ ਸੁਆਗਤ ਕੀਤਾ ਗਿਆ ਤੇ ਨੌਜਵਾਨ ਵੱਲੋਂ ਵੀ ਪੁਲਿਸ ਕਰਮੀਆਂ ਦਾ ਧੰਨਵਾਦ ਕੀਤਾ ਗਿਆ।