ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਦੌਰਾਨ ਅੱਜ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਲੌਕਡਾਊਨ 'ਚ ਰਿਆਇਤ ਮਿਲਣੀ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀ, ਛੋਟੇ ਉਦਯੋਗਾਂ, ਮਨਰੇਗਾ ਤੇ ਕੰਸਟ੍ਰਕਸ਼ਨ ਜਿਹੇ ਜ਼ਰੂਰੀ ਕੰਮਾਂ 'ਚ ਛੋਟ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਰਥਿਕ ਰਾਜਧਾਨੀ ਮੁੰਬਈ ਤੋਂ ਇਲਾਵਾ ਪੰਜਾਬ 'ਚ ਲੌਕਡਾਊਨ 'ਚ ਰਿਆਇਤ ਨਹੀਂ ਮਿਲ ਰਹੀ।
ਦਰਅਸਲ ਸਿਰਫ਼ ਗੈਰ ਹੌਟਸਪੌਟ ਇਲਾਕਿਆਂ 'ਚ ਛੋਟ ਮਿਲ ਰਹੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਗੈਰ ਹੌਟਸਪੌਟ ਇਲਾਕਿਆਂ 'ਚ ਕਰਿਆਨਾ ਦੁਕਾਨਾਂ, ਫਲ-ਸਬਜ਼ੀ ਦੀਆਂ ਦੁਕਾਨਾਂ, ਮੀਟ-ਮੱਛੀ, ਹਾਈਵੇਅ ਢਾਬਾ, ਕੋਰੀਅਰ ਸੇਵਾ, ਮਕੈਨਿਕ, ਪਲੰਬਰ, ਇਲੈਕਟ੍ਰੀਸ਼ਨ, ਕਾਰਪੇਂਟਰ, ਕੇਬਲ-ਡੀਟੀਐਚ ਵਰਕਰ, ਬੈਂਕ, ਡਾਕਖ਼ਾਨੇ, ਛੋਟੀਆਂ ਵਿੱਤੀ ਸੰਸਥਾਵਾਂ ਆਦਿ ਖੇਤਰਾਂ 'ਚ ਛੋਟ ਮਿਲੀ ਹੈ।
ਅਜਿਹੇ 'ਚ ਪੰਜਾਬ, ਯੂਪੀ, ਮਹਾਰਾਸ਼ਟਰ ਸਮੇਤ ਕਿਹੜੇ ਸੂਬੇ 'ਚ ਕੀ ਛੋਟ ਮਿਲ ਰਹੀ ਹੈ, ਉਸ ਦਾ ਵਿਸਥਾਰ ਦੱਸਦੇ ਹਾਂ।
ਪੰਜਾਬ : ਪੰਜਾਬ ਸਰਕਾਰ ਤਿੰਨ ਮਈ ਤਕ ਕਣਕ ਦੀ ਖਰੀਦ ਨੂੰ ਛੱਡ ਕੇ ਕਰਫ਼ਿਊ 'ਚ ਕੋਈ ਛੋਟ ਨਹੀਂ ਦੇ ਰਹੀ। ਕੱਲ੍ਹ ਹੀ ਹਰ ਤਰ੍ਹਾਂ ਦੀ ਛੋਟ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ 'ਚ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ ਹੀ ਜ਼ਰੂਰੀ ਚੀਜ਼ਾਂ ਦੀ ਪਹੁੰਚ ਯੀਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ।
ਯੂਪੀ: ਉੱਤਰ ਪ੍ਰਦੇਸ਼ ਦੇ 56 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਛੋਟ ਤੇ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 19 ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦੇ 10 ਤੋਂ ਜ਼ਿਆਦਾ ਕੇਸ ਹੋਣ ਕਾਰਨ ਜ਼ਿਲ੍ਹਾ ਅਧਿਕਾਰੀਆਂ 'ਤੇ ਫੈਸਲਾ ਛੱਡਿਆ ਗਿਆ ਹੈ।
ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਘੱਟ ਤੋਂ ਘੱਟ ਇਕ ਹਫ਼ਤਾ ਲੌਕਡਾਊਨ 'ਚ ਕੋਈ ਛੋਟ ਨਹੀਂ ਦੇਵੇਗੀ। ਕਿਉਂਕਿ ਦਿੱਲੀ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਇਹ ਮਹਿਸੂਸ ਕੀਤਾ ਗਿਆ। ਸਰਕਾਰ ਇਕ ਹਫ਼ਤੇ ਬਾਅਦ ਸਮੀਖਿਆ ਕਰੇਗੀ ਤੇ ਦੇਖੇਗੀ ਕਿ ਕਿੱਥੇ ਛੋਟ ਦਿੱਤੀ ਜਾ ਸਕਦੀ ਹੈ।
ਕੇਰਲ: ਕੇਰਲ ਸਰਕਾਰ ਨੇ ਦੋ ਖੇਤਰਾਂ 'ਚ ਕੋਰੋਨਾ ਵਾਇਰਸ ਸਬੰਧੀ ਲਾਗੂ ਪਾਬੰਦੀਆਂ 'ਚ ਢਿੱਲ ਦੇਣ ਦਾ ਐਲਾਨ ਕੀਤਾ। ਹਾਲਾਂਕਿ ਕੇਰਲ ਸਰਕਾਰ ਦੇ ਇਸ ਕਦਮ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੱਸਿਆ।
ਕੇਰਲ ਸਰਕਾਰ ਨੇ ਸਥਾਨਕ ਕਾਰਜਸ਼ੈਲੀਆਂ, ਹਜ਼ਾਮਤ ਦੀ ਦੁਕਾਨ, ਰੈਸਟੋਰੈਂਟ, ਸਟੇਸ਼ਨਰੀ, ਨਗਰ ਨਿਗਮ ਤਹਿਤ ਆਉਣ ਵਾਲੇ ਐਮਐਸਐਮਈ, ਸ਼ਹਿਰਾਂ ਤੇ ਕਸਬਿਆਂ 'ਚ ਥੋੜੀ ਦੂਰੀ ਦੀ ਬੱਸ ਯਾਤਰਾ, ਚੌਪਹੀਆ ਵਾਹਨ ਦੀ ਪਿਛਲੀ ਸੀਟ 'ਤੇ ਦੋ ਯਾਤਰੀਆਂ ਤੇ ਸਕੂਟਰ 'ਤੇ ਪਿਛਲੀ ਸੀਟ 'ਤੇ ਬਹਿ ਕੇ ਯਾਤਰਾ ਕਰਨ ਦੀ ਛੋਟ ਦਿੱਤੀ ਹੈ।
ਮੱਧ ਪ੍ਰਦੇਸ਼: ਇੱਥੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇੰਦੌਰ, ਭੋਪਾਲ ਅਤੇ ਉੱਜੈਨ ਜਿਹੇ ਜ਼ਿਲ੍ਹਿਆਂ ਨੂੰ ਛੱਡ ਕੇ ਕੋਰੋਨਾ ਵਾਇਰਸ ਤੋਂ ਬਚੇ ਜ਼ਿਲ੍ਹਿਆਂ 'ਚ ਅੱਜ ਤੋਂ ਲੌਕਡਾਊਨ 'ਚ ਕੁਝ ਢਿੱਲ ਦਿੱਤੀ ਗਈ ਹੈ। ਮੱਧ ਪ੍ਰਦੇਸ਼ 'ਚ ਸੜਕਾਂ ਦਾ ਨਿਰਮਾਣ, ਮੁਰੰਮਤ, ਮਨਰੇਗਾ ਦੇ ਤਹਿਤ ਕੰਮ, ਖੇਤੀ ਤੇ ਕਣਕ ਦੀ ਖਰੀਦ ਨਾਲ ਸਬੰਧਤ ਕੰਮ ਨੂੰ ਆਗਿਆ ਦਿੱਤੀ ਹੈ
ਮਹਾਰਾਸ਼ਟਰ: ਇੱਥੇ ਕੋਰੋਨਾ ਵਾਇਰਸ ਸਬੰਧੀ ਬਣਾਏ ਗਏ ਹਰੇ ਤੇ ਸੰਤਰੀ ਜ਼ੋਨ 'ਚ ਉਦਯੋਗਾਂ ਨੂੰ ਨਿਯਮਾਂ ਤਹਿਤ ਕੰਮਕਾਜ ਬਹਾਲ ਕਰਨ ਦੀ ਆਗਿਆ ਦਿੱਤੀ ਹੈ। ਲੌਕਡਾਊਨ ਦੌਰਾਨ ਆਪਣੇ ਕਾਮਿਆਂ ਨੂੰ ਰਹਿਣ ਦੀ ਸੁਵਿਧਾ ਮੁਹੱਈਆ ਕਰਾਉਣ ਵਾਲੇ ਉਦਯੋਗਾਂ ਨੂੰ ਸੂਬੇ ਤੋਂ ਅਨਾਜ ਦੀ ਪੂਰਤੀ ਕੀਤੀ ਜਾਵੇਗੀ ਤੇ ਕੱਚੇ ਮਾਲ ਦੀ ਆਗਿਆ ਦਿੱਤੀ ਜਾਵੇਗੀ।
ਜੰਮੂ-ਕਸ਼ਮੀਰ: ਸੂਬੇ 'ਚ ਅੱਜ ਤੋਂ ਸਾਰੇ ਸਰਕਾਰੀ ਦਫ਼ਤਰਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ। ਸਕੂਲ ਤੇ ਕਾਲਜ ਤਿੰਨ ਮਈ ਤਕ ਬੰਦ ਰੱਖਣ ਦੇ ਹੁਕਮ ਹਨ। ਜ਼ਰੂਰੀ ਸੇਵਾਵਾਂ ਜਿੰਨ੍ਹਾਂ 'ਚ ਖਾਧ ਪਦਾਰਥ, ਬਿਜਲੀ, ਪਾਣੀ ਸ਼ਾਮਲ ਹੈ ਇਨ੍ਹਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਕਿਹਾ ਗਿਆ। ਵਿਭਾਗਾਂ 'ਚ ਸਾਰੇ ਗਜ਼ਟਡ ਅਫ਼ਸਰਾਂ ਅਤੇ 33 ਫੀਸਦ ਨੌਨ ਗਜ਼ਟਡ ਕਰਮਚਾਰੀਆਂ ਨੂੰ ਰੋਸਟਰ ਤਹਿਤ ਨੌਕਰੀ 'ਤੇ ਆਉਣ ਲਈ ਕਿਹਾ ਗਿਆ।
ਅੱਜ ਤੋਂ ਪੰਜਾਬ ਸਮੇਤ ਕਿਹੜੇ ਸੂਬੇ 'ਚ ਕਿੰਨ੍ਹੀ ਮਿਲੀ ਖੁੱਲ੍ਹ, ਕਿਹੜੇ-ਕਿਹੜੇ ਕੰਮ-ਧੰਦੇ ਹੋਏ ਸ਼ੁਰੂ
ਏਬੀਪੀ ਸਾਂਝਾ
Updated at:
20 Apr 2020 03:42 PM (IST)
ਦੇਸ਼ ਦੇ ਕਈ ਸੂਬਿਆਂ 'ਚ ਗੈਰ ਹੌਟਸਪੌਟ ਇਲਾਕਿਆਂ 'ਚ ਕਰਿਆਨਾ ਦੁਕਾਨਾਂ, ਫਲ-ਸਬਜ਼ੀ ਦੀਆਂ ਦੁਕਾਨਾਂ, ਮੀਟ-ਮੱਛੀ, ਹਾਈਵੇਅ ਢਾਬਾ, ਕੋਰੀਅਰ ਸੇਵਾ, ਮਕੈਨਿਕ, ਪਲੰਬਰ, ਇਲੈਕਟ੍ਰੀਸ਼ਨ, ਕਾਰਪੇਂਟਰ, ਕੇਬਲ-ਡੀਟੀਐਚ ਵਰਕਰ, ਬੈਂਕ, ਡਾਕਖ਼ਾਨੇ, ਛੋਟੀਆਂ ਵਿੱਤੀ ਸੰਸਥਾਵਾਂ ਆਦਿ ਖੇਤਰਾਂ 'ਚ ਛੋਟ ਮਿਲੀ ਹੈ।
- - - - - - - - - Advertisement - - - - - - - - -