ਬਠਿੰਡਾ: ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਏਮਜ਼ ਸਬੰਧੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਉਨ੍ਹਾਂ 'ਤੇ ਲਾਏ ਇਲਜ਼ਾਮਾਂ ਦਾ ਸਬੂਤਾਂ ਸਣੇ ਜਵਾਬ ਦਿੱਤਾ ਹੈ। ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੂਰੇ ਦਾ ਪੂਰਾ ਏਮਜ਼ ਪ੍ਰੋਜੈਕਟ ਕੇਂਦਰ ਸਰਕਾਰ ਦਾ ਸੀ। ਪੰਜਾਬ ਸਰਕਾਰ ਦਾ ਇਸ ਇਸ ਵਿੱਚ ਕੋਈ ਦਖ਼ਲ ਨਹੀਂ ਸੀ। ਏਮਸ ਹਸਪਤਾਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੰਮ ਬਾਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ 6 ਵਾਰ ਵਿਧਾਇਕ ਰਹੇ ਪਰ ਇਸ ਦੌਰਾਨ ਉਨ੍ਹਾਂ ਕਿਸੇ 'ਤੇ ਕਦੀ ਨਿੱਜੀ ਹਮਲੇ ਨਹੀਂ ਕੀਤੇ।

ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਪੰਜਾਬ ਵਿੱਚ ਅਕਾਲੀਆਂ ਦੀ ਆਪਣੀ ਤੇ ਕੇਂਦਰ ਵਿੱਚ ਇਨ੍ਹਾਂ ਦੀ ਭਾਈਵਾਲ ਸਰਕਾਰ ਸੀ ਪਰ ਉਦੋਂ ਵੀ ਇਸ ਪ੍ਰੋਜੈਕਟ 'ਤੇ ਕੋਈ ਕੰਮ ਨਹੀਂ ਹੋਇਆ। 1960 ਦੇ ਬਾਅਦ ਪੰਜਾਬ ਵਿੱਚ ਕੋਈ ਵੀ ਸਰਕਾਰੀ ਮੈਡੀਕਲ ਕਾਲਜ ਨਹੀਂ ਖੁੱਲ੍ਹਿਆ। ਇੱਕ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਸੀ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਖੁੱਲ੍ਹਣ ਨਹੀਂ ਦਿੱਤਾ। ਉਨ੍ਹਾਂ ਇਸ ਦੇ ਕਾਗਜ਼ਾਤ ਵੀ ਮੀਡੀਆ ਸਾਹਮਣੇ ਪੇਸ਼ ਕੀਤੇ।

ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਕਿਹਾ ਸੀ ਕਿ ਬ੍ਰਹਮ ਮਹਿੰਦਰਾ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਹੁਣ ਏਮਜ਼ ਵਿੱਚ ਜਿੰਨੀਆ ਵੀ ਸੀਟਾਂ ਹਨ ਉਨ੍ਹਾਂ ਵਿੱਚ ਪੰਜਾਬ ਦਾ ਕੋਟਾ ਨਹੀਂ ਹੈ। ਨਿਯਮਾਂ ਮੁਤਾਬਕ ਜੇ ਮੈਡੀਕਲ ਕਾਲਜ ਖੁੱਲ੍ਹਦਾ ਹੈ ਤਾਂ ਗਿਣਤੀ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲਦਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਮਰਾਹ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਇੱਕ ਮੈਡੀਕਲ ਕਾਲਜ ਖੁਲ੍ਹਵਾ ਰਹੀ ਹੈ ਜਿਸ ਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਏਗਾ।

ਇਸ ਮੌਕੇ ਆਪਣੇ ਪੁੱਤ ਮੋਹਿਤ ਮਹਿੰਦਰਾ ਨੂੰ ਬਠਿੰਡਾ ਤੋਂ ਚੋਣ ਲੜਾਉਣ ਸਬੰਧੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜੇ ਹਾਈ ਕਮਾਨ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਇੱਥੋਂ ਚੋਣਾਂ ਜ਼ਰੂਰ ਲੜਨਗੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀਆਂ ਕੀ-ਕੀ ਕੰਮ ਕੀਤਾ ਇਹ ਸਭ ਜਾਣਦੇ ਹਨ ਪਰ ਉਹ ਕਿਸੇ 'ਤੇ ਨਿੱਜੀ ਹਮਲਾ ਕਰਨ ਦੇ ਹੱਕ ਵਿੱਚ ਨਹੀਂ ਹਨ।