ਚੰਡੀਗੜ੍ਹ: ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਕੋਰੋਨਾ ਤੋਂ ਦੇਸ਼ ਦੀ ਸੁਰੱਖਿਆ 'ਚ ਲੱਗੇ ਡਾਕਟਰ ਤੇ ਪੁਲਿਸ ਕਰਮੀਆਂ 'ਤੇ ਵੀ ਹੁਣ ਇਹ ਆਪਣਾ ਕਹਿਰ ਢਾਹੁਣ ਲੱਗਾ ਹੈ। ਅਜਿਹੇ 'ਚ ਇਕ ਬਹਾਦਰ ਪੁਲਿਸ ਕਰਮੀ ਦੀ ਵੀਡੀਓ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਾਂਝੀ ਕੀਤੀ ਹੈ। ਇਸ 'ਚ ਸਬ ਇੰਸਪੈਕਟਰ ਅਰਸ਼ਪ੍ਰੀਤ ਆਪਣੇ ਕੋਰੋਨਾ ਪੌਜ਼ਟਿਵ ਹੋਣ ਬਾਰੇ ਦੱਸ ਰਹੀ ਹੈ।





ਵੀਡੀਓ 'ਚ ਉਹ ਕਹਿ ਰਹੀ ਹੈ ਕਿ ਉਹ ਆਪਣੇ ਕੰਮ 'ਤੇ ਵਾਪਸ ਜਾਣਾ ਚਾਹੁੰਦੀ ਹੈ। ਉਨ੍ਹਾਂ ਦੀ ਇਹ ਬਹਾਦਰੀ ਦੇਖ ਡੀਜੀਪੀ ਨੇ ਅਰਸ਼ਪ੍ਰੀਤ ਦੀ ਜੰਮ ਕੇ ਤਾਰੀਫ਼ ਕਰਦਿਆਂ ਉਨ੍ਹਾਂ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਲੁਧਿਆਣਾ ਜ਼ਿਲ੍ਹੇ ਦੇ ਜੋਧੇਵਾਲ ਦੀ ਐਸਐਚਓ ਸਬ ਇੰਸਪੈਕਟਰ ਅਰਸ਼ਪ੍ਰੀਤ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੀ ਹੈ।


ਡੀਜੀਪੀ ਨੇ ਕੋਰੋਨਾ ਤੋਂ ਹਾਰ ਮੰਨਣ ਵਾਲੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇਹ ਵੀਡੀਓ ਸਾਂਝੀ ਕੀਤੀ ਹੈ। ਸਿਰਫ਼ 27 ਸਾਲਾ ਸਬ ਇੰਸਪੈਕਟਰ ਦੇ ਹੌਸਲੇ ਦੀ ਡੀਜੀਪੀ ਨੇ ਸ਼ਲਾਘਾ ਕਰਦਿਆਂ ਲਿਖਿਆ ਕਿ ਉਹ ਬਹੁਤ ਬਹਾਦਰ ਤੇ ਪਰਿਪੱਕ ਹੈ। ਬੇਸ਼ੱਕ ਕੋਰੋਨਾ ਵਾਇਰਸ ਦਾ ਕੋਈ ਪੁਖ਼ਤਾ ਇਲਾਜ ਫ਼ਿਲਹਾਲ ਸੰਭਵ ਨਹੀਂ ਹੈ ਪਰ ਹੌਸਲਾ ਛੱਡਣ ਨਾਲੋਂ ਬਿਮਾਰੀ ਦੌਰਾਨ ਵੀ ਸਾਕਾਰਾਤਮਕ ਰਵੱਈਆ ਤਹਾਨੂੰ ਲੜਨ ਲਈ ਹੋਰ ਮਜ਼ਬੂਤ ਬਣਾਉਂਦਾ ਹੈ।