ਨਵੀਂ ਦਿੱਲੀ: ਕੌਮੀ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਸਾਰੇ ਭੱਠਿਆਂ ਨੂੰ ਤਪਾਏ ਜਾਣ 'ਤੇ ਅਗਲੇ 4 ਮਹੀਨੇ ਲਈ ਰੋਕ ਲਗਾ ਦਿੱਤੀ ਹੈ। ਯਾਨੀ ਕਿ ਹੁਣ ਪੰਜਾਬ ਵਿੱਚ 31 ਜਨਵਰੀ 2019 ਤਕ ਕੋਈ ਵੀ ਭੱਠਾ ਨਹੀਂ ਭਖ਼ੇਗਾ। ਭੱਠਿਆਂ ਵਿੱਚ ਹੁਣ ਤਕ ਤਿਆਰ ਇੱਟਾਂ ਦੀ ਵਿਕਰੀ ਉੱਪਰ ਕੋਈ ਪਾਬੰਦੀ ਨਹੀਂ ਲਾਈ ਗਈ ਹੈ। ਐਨਜੀਟੀ ਦੇ ਉਕਤ ਫੈਸਲੇ ਮੁਤਾਬਕ ਭੱਠਾ ਮਾਲਕ ਆਪਣੇ ਕੋਲ ਮੌਜੂਦ ਸਟਾਕ ਵਿਚੋਂ ਇੱਟਾਂ ਦੀ ਵਿਕਰੀ ਕਰ ਸਕਣਗੇ, ਪਰ ਨਵੀਆਂ ਇੱਟਾਂ ਬਣਾਉਣ ਲਈ ਭੱਠਿਆਂ ਵਿੱਚ ਕੋਲੇ ਨਾਲ ਅੱਗ ਨਹੀਂ ਲਗਾ ਸਕਣਗੇ। ਦਰਅਸਲ, ਪੰਜਾਬ ਦੇ ਭੱਠਿਆਂ ਉੱਪਰ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਚਾਰ ਮਹੀਨੇ ਭਖ਼ਾਉਣ ਦੀ ਰੋਕ ਵਿਰੁੱਧ ਐਨਜੀਟੀ ਵਿੱਚ ਅਪੀਲ ਦਾਇਰ ਕੀਤੀ ਸੀ। ਭੱਠਾ ਮਾਲਕ ਐਸੋਸੀਏਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੁਰਮਿੰਦਰ ਸਿੰਘ ਤੇ ਆਰ.ਪੀ.ਐੱਸ. ਬਾੜਾ ਨੇ ਐਨਜੀਟੀ ਨੂੰ ਸਿਆਲ ਵਿੱਚ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਵਧਦਾ ਪ੍ਰਦੂਸ਼ਣ ਲਈ ਇਕੱਲੇ ਭੱਠੇ ਨਹੀਂ ਬਲਕਿ ਖੇਤਾਂ ਵਿੱਚ ਸਾੜੀ ਜਾਂਦੀ ਪਰਾਲ਼ੀ, ਪਟਾਕਿਆਂ ਦੇ ਪ੍ਰਦੂਸ਼ਣ ਤੇ ਹੋਰ ਚੀਜ਼ਾਂ ਵੀ ਜ਼ਿੰਮੇਵਾਰ ਹਨ। ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਦੇ ਬੈਂਚ ਨੇ ਅਪੀਲ ਖਾਰਜ ਕਰਦਿਆਂ ਭੱਠਿਆਂ ਦੇ ਚੱਲਣ 'ਤੇ ਅਗਲੀ 31 ਜਨਵਰੀ ਤਕ ਰੋਕ ਲਗਾ ਦਿੱਤੀ ਹੈ।