ਲੰਡਨ: ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਹਾਰ ਇੱਥੇ ਨਿਲਾਮੀ ਦੌਰਾਨ 1.87 ਲੱਖ ਪੌਂਡ ਯਾਨੀ 1.78 ਕਰੋੜ ਰੁਪਏ ਵਿੱਚ ਵਿਕਿਆ। ਇਹ ਹਾਰ ਪੰਨੇ ਤੇ ਨਿੱਕੇ ਮੋਤੀਆਂ ਨਾਲ ਸਜਿਆ ਹੋਇਆ ਸੀ। ਇਸ ਹਾਰ ਆਪਣੀ ਕੀਮਤ 80,000 ਤੇ 1.20 ਲੱਖ ਪੌਂਡ ਦੇ ਦਰਮਿਆਨ ਸੀ, ਪਰ ਇਤਿਹਾਸਕ ਮਹੱਤਤਾ ਕਾਰਨ ਇਹ ਵੱਧ ਮੁੱਲ ’ਤੇ ਨਿਲਾਮ ਹੋਇਆ।



ਮਹਾਰਾਣੀ ਜਿੰਦਾਂ ਦਾ ਇਹ ਹਾਰ ਲਾਹੌਰ ਦੇ ਉਸ ਖ਼ਜ਼ਾਨੇ ਦਾ ਹਿੱਸਾ ਸੀ, ਜਿਸ ਨੂੰ ‘ਬੌਨਹੈਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ’ ਤਹਿਤ ਲੰਡਨ ਵਿੱਚ ਬੀਤੇ ਦਿਨ ਨਿਲਾਮ ਕੀਤਾ ਗਿਆ ਸੀ। ਨਿਲਾਮ ਘਰ ਮੁਤਾਬਕ ਬੋਲੀ ਦੌਰਾਨ ਰੱਖੀਆਂ ਸਾਰੀਆਂ ਵਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਸਨ। ਇਨ੍ਹਾਂ ਵਸਤਾਂ ਦੀ ਨਿਲਾਮੀ ਤੋਂ ਕੁੱਲ 18.18 ਲੱਖ ਪੌਂਡ ਦੀ ਕਮਾਈ ਕੀਤੀ ਗਈ।



ਇੰਡੀਅਨ ਤੇ ਇਸਲਾਮਿਕ ਆਰਟ ਦੇ ਬੌਨਹੈਮਸ ਹੈੱਡ ਓਲਿਵਰ ਵ੍ਹਾਈਟ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਸੋਨੇ ਧਾਗੇ ਦੀ ਕਢਾਈ ਵਾਲੇ ਮਖ਼ਮਲ ਦੇ ਕੱਪੜੇ ਨਾਲ ਢਕਿਆ ਚਮੜੇ ਦਾ ਬਣਿਆ ਤਰਕਸ਼ ਵੀ ਇਸੇ ਵਿਕਰੀ ਦੌਰਾਨ ਨਿਲਾਮ ਕੀਤਾ ਗਿਆ। ਬੋਲੀ ਦੌਰਾਨ ਇਹ ਇੱਕ ਲੱਖ ਪੌਂਡ ਵਿੱਚ ਨਿਲਾਮ ਹੋਇਆ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਨੇ ਇਹ ਤਕਰਸ਼ 1838 ਵਿੱਚ ਆਪਣੇ ਵੱਡੇ ਪੁੱਤਰ ਦੇ ਵਿਆਹ ਮੌਕੇ ਧਾਰਨ ਕੀਤਾ ਸੀ। 19ਵੀਂ ਸਦੀ ਦੀ ਆਖਰੀ ਤਿਮਾਹੀ ਵਿੱਚ ਪੰਜਾਬ ’ਤੇ ਅੰਤਰ ਝਾਤ ਪਾਉਂਦੀਆਂ 120 ਤਸਵੀਰਾਂ ਦੀ ਕੁਲੈਕਸ਼ਨ ਵੀ ਨਿਲਾਮੀ ਦਾ ਹਿੱਸਾ ਸੀ।