ਨਵੀਂ ਦਿੱਲੀ: ਅੰਮ੍ਰਿਤਸਰ ਰੇਲ ਹਾਦਸੇ ਵਿੱਚ 59 ਲੋਕਾਂ ਦੀ ਦਰਦਨਾਕ ਮੌਤ ਤੋਂ ਬਾਅਦ ਰੇਲਵੇ ਵੀ ਚੌਕਸ ਹੋ ਗਿਆ ਹੈ। ਰੇਲਵੇ ਨੇ ਆਪਣੇ ਚਾਲਕਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਭੀੜ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਗਮ ਦਾ ਪਤਾ ਲੱਗੇ ਤਾਂ ਟਰੇਨ ਦੀ ਰਫ਼ਤਾਰ ਨੂੰ ਘੱਟ ਕਰਨ ਤੇ ਹਰ ਸੰਭਵ ਸੁਰੱਖਿਆ ਉਪਾਅ ਅਪਣਾਏ ਜਾਏ ਜਾਣ।
ਉੱਤਰ ਰੇਲਵੇ ਸੀਨੀਅਰ ਅਧਿਕਾਰੀ ਨੇ 23 ਅਕਤੂਬਰ ਨੂੰ ਇਸ ਜ਼ੋਨ ਦੀਆਂ ਇਕਾਈਆਂ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਉਨ੍ਹਾਂ ਲਿਖਿਆ ਸੀ ਕਿ ਰੇਲਵੇ ਨੇ 19 ਅਕਤੂਬਰ ਨੂੰ 59 ਲੋਕਾਂ ਦੇ ਰੇਲ ਹੇਠਾਂ ਆ ਕੇ ਮਾਰੇ ਜਾਣ ਦੀ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਇਹ ਯਕੀਨੀ ਬਣਾਇਆ ਜਾਵੇ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਹੋਵੇ।
ਇਸ ਚਿੱਟੀ ਵਿੱਚ ਡਰਾਈਵਰਾਂ, ਗਾਰਡਾਂ, ਗੇਟਮੈਨਾਂ, ਕੀਮੈਨ ਤੇ ਸਟੇਸ਼ਨ ਮਾਸਟਰ ਤੋਂ ਲੈਕੇ ਰੇਲਵੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਮੁਤਾਬਕ ਕੰਮ ਦੌਰਾਨ ਜੇਕਰ ਕਿਸੇ ਵੀ ਸਮਾਗਮ, ਮੇਲੇ ਜਾਂ ਕਿਸੇ ਸਰਕਾਰੀ ਸਮਾਗਮ 'ਤੇ ਨਿਗ੍ਹਾ ਪੈਂਦੀ ਹੈ ਤਾਂ ਤੁਰੰਤ ਰਫ਼ਤਾਰ ਕਾਬੂ ਵਿੱਚ ਕੀਤੀ ਜਾਵੇ ਤੇ ਨੇੜਲੇ ਸਟੇਸ਼ਨ ਅਤੇ ਅਗਲੇ ਠਹਿਰਾਅ ਵਾਲੇ ਸਟੇਸ਼ਨ ਮਾਸਟਰ ਨੂੰ ਇਸ ਦੀ ਸੂਚਨਾ ਦੇਵੇ।
19 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ ਤੋਂ ਸਿਰਫ਼ 400 ਮੀਟਰ ਦੂਰ ਗਾਰਡ ਨੇ ਨਾ ਤਾਂ ਰੇਲ ਲਾਈਨ 'ਤੇ ਖੜ੍ਹੇ ਹੋ ਕੇ ਦੁਸਹਿਰਾ ਦੇਖਣ ਵਾਲੇ ਤੇ ਨਾ ਹੀ ਨੇੜਲੇ ਸਟੇਸ਼ਨ ਨੂੰ ਚੌਕਸ ਕੀਤਾ ਗਿਆ ਸੀ। ਇਸ ਦੌਰਾਨ ਟਰੇਨ ਦੀ ਚਪੇਟ ਵਿੱਚ ਸੈਂਕੜੇ ਲੋਕ ਆ ਗਏ ਸਨ ਜਿਨ੍ਹਾਂ ਵਿੱਚੋਂ 59 ਲੋਕਾਂ ਦੀ ਮੌਤ ਹੋ ਗਈ ਸੀ। ਰੇਲਵੇ ਨੇ ਇਸ ਹਾਦਸੇ ਵਿੱਚ ਆਪਣੀ ਗ਼ਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੀ ਕੋਈ ਸੂਚਨਾ ਨਹੀਂ ਸੀ।