ਚੰਡੀਗੜ੍ਹ: ਇਜ਼ਰਾਇਲ ਦੌਰੇ ਤੋਂ ਪਰਤਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਨਵੀਂ ਮੁਸੀਬਤ ਮੂੰਹ ਅੱਡੀ ਖੜ੍ਹੀ ਹੈ। ਕੈਪਟਨ ਦੇ ਇੱਕ ਮੰਤਰੀ 'ਤੇ ਮਹਿਲਾ ਅਫਸਰ ਨੂੰ ਗਲਤ ਮੈਸੇਜ਼ ਭੇਜ ਕੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮੰਤਰੀ ਬਾਰੇ ਮੀਡੀਆ ਵਿੱਚ ਖੂਬ ਚਰਚਾ ਹੈ ਪਰ ਉਸ ਦਾ ਨਾਂ ਕੋਈ ਵੀ ਲੈਣ ਲਈ ਤਿਆਰ ਨਹੀਂ।
ਉਧਰ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਵੀ ਝੰਡਾ ਝੰਡਾ ਚੁੱਕ ਲਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਉਸ ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਜਿਸ ਉੱਤੇ ਉੱਚ ਮਹਿਲਾ ਅਧਿਕਾਰੀ ਨੇ ਸਰੀਰਕ ਤੇ ਮਾਨਸਿਕ ਉਤਪੀੜਨ ਦੇ ਗੰਭੀਰ ਦੋਸ਼ ਲਾਏ ਹਨ।
‘ਆਪ‘ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਇੱਕ ਮੰਤਰੀ ਦਾ ਅਜਿਹਾ ਅਨੈਤਿਕ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਉੱਤੇ ਕੈਪਟਨ ਦੇ ਨਾਲ-ਨਾਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਉੱਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ।
ਉਨਾਂ ਕਿਹਾ ਕਿ ਇੱਕ ਪਾਸੇ ਮਹਿਲਾਵਾਂ ਦਾ ਸਰੀਰਕ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ਾਂ ‘ਚ ਘਿਰੇ ਭਾਜਪਾ ਦੇ ਕੇਂਦਰੀ ਮੰਤਰੀ ਐਮਜੇ ਅਕਬਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਸੀ, ਦੂਜੇ ਪਾਸੇ ਆਪਣੇ ਮੰਤਰੀ ‘ਤੇ ਲੱਗੇ ਉਸੇ ਤਰ੍ਹਾਂ ਦੇ ਦੋਸ਼ਾਂ ਨੂੰ ਦਬਾਇਆ ਜਾ ਰਿਹਾ ਸੀ। ਸਗੋਂ ਚਾਹੀਦਾ ਇਹ ਸੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ‘ਵਿਸਾਖਾ ਗਾਈਡ ਲਾਇਨਜ਼‘ ਮੁਤਾਬਕ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਮਹਿਲਾਵਾਂ ਦੀ ਭਾਗੀਦਾਰੀ ਵਾਲੀ ਵਿਸ਼ੇਸ਼ ਕਮੇਟੀ ਹਵਾਲੇ ਕੀਤੀ ਜਾਂਦੀ।