ਮੋਗਾ: ਜਾਅਲੀ ਪਾਸਪੋਰਟ ਵਾਲਿਆਂ ਦੀ ਸ਼ਾਮਤ ਆ ਗਈ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਮੋਗਾ ਪੁਲਿਸ ਨੇ ‘ਲੁੱਕ ਆਊਟ ਨੋਟਿਸ’ ਜਾਰੀ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਵਿੱਚ 10 ਸਾਲ ਪਹਿਲਾਂ ਪਾਸਪੋਰਟ ਘੁਟਾਲੇ ਵਿੱਚ ਜਾਅਲੀ ਦਸਤਾਵੇਜ਼ਾਂ ’ਤੇ 319 ਪਾਸਪੋਰਟ ਬਣਾਉਣ ਦਾ ਕੇਸ ਦਰਜ ਹੋਇਆ ਸੀ। ਹੁਣ ਪੁਲਿਸ ਇਨ੍ਹਾਂ ਪਾਸਪੋਰਟ ਧਾਰਕਾਂ ਖਿਲਾਫ ਸ਼ਿਕੰਜ਼ਾ ਕੱਸ਼ਣ ਜਾ ਰਹੀ ਹੈ। ਯਾਦ ਰਹੇ ਇਸ ਕੇਸ ਵਿੱਚ ਅਦਾਲਤ ਦੀ ਮਨਜ਼ੂਰੀ ਨਾਲ 50 ਲੱਖ ਰੁਪਏ ਦਾ ਜ਼ਮਾਨਤੀ ਮੁਚੱਲਕਾ ਭਰ ਕੇ ਵਿਦੇਸ਼ ਗਏ 11 ਮੁਲਜ਼ਮ ਵਾਪਸ ਹੀ ਨਹੀਂ ਪਰਤੇ, ਜਿਨ੍ਹਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

 

ਮੋਗਾ ਜ਼ਿਲ੍ਹੇ ਨਾਲ ਸਬੰਧਤ 2002 ਤੋਂ 2008 ਤੱਕ 795 ਪਾਸਪੋਰਟ ਅਰਜ਼ੀਆਂ ਦੀ ਜਾਂਚ ਦੌਰਾਨ ਕਰੀਬ 398 ਪਾਸਪੋਰਟ ਫ਼ਰਜ਼ੀ ਦਸਤਾਵੇਜ਼ਾਂ ’ਤੇ ਜਾਰੀ ਹੋਣ ਦੀ ਪੁਸ਼ਟੀ ਹੋਈ ਸੀ। ਇਸ ਕੇਸ ਵਿੱਚ 105 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਈ, ਜਿਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਨੂੰ ਪੁਲਿਸ ਨੇ ਤਫ਼ਤੀਸ਼ ਦੌਰਾਨ ਕਲੀਨ ਚਿੱਟ ਦੇ ਦਿੱਤੀ ਸੀ। ਇਸ ਘੁਟਾਲੇ ਵਿੱਚ ਕਰੀਬ 319 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਿਰਦਰਦੀ ਬਣੀ ਹੋਈ ਹੈ। ਇਨ੍ਹਾਂ ’ਚੋਂ ਬਹੁਤੇ ਮੁਲਜ਼ਮਾਂ ਦੇ ਪਾਸਪੋਰਟ ਜਾਰੀ ਨਹੀਂ ਹੋਏ ਸੀ ਤੇ ਪੁਲੀਸ ਉਨ੍ਹਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਹਰ ਵਰ੍ਹੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਲੁੱਕ ਆਊਟ ਨੋਟਿਸ’ ਜਾਂਦਾ ਹੈ। ਕਈ ਮੁਲਜ਼ਮ ਗ੍ਰਿਫ਼ਤਾਰੀ ਦੇ ਡਰੋਂ ਵਤਨ ਨਹੀਂ ਪਰਤ ਰਹੇ।

ਕਾਬਲੇਗੌਰ ਹੈ ਕਿ ਇੱਥੇ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਲੁਧਿਆਣਾ, ਫ਼ਰੀਦਕੋਟ ਜ਼ਿਲ੍ਹਿਆਂ ਦੇ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਟਰੈਵਲ ਏਜੰਸੀ ਮਾਲਕਾਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਤੇ ਗ਼ਲਤ ਪਤੇ ’ਤੇ ਪਾਸਪੋਰਟ ਜਾਰੀ ਕਰਵਾਏ ਸਨ। ਇਹ ਪਾਸਪੋਰਟ ਡਾਕ ਵਿਭਾਗ ਦੇ ਡਾਕੀਏ ਦੀ ਮਿਲੀਭੁਗਤ ਨਾਲ ਭੇਜੇ ਜਾਂਦੇ ਸਨ। ਇਸ ਘੁਟਾਲੇ ਦੀ ਜਾਂਚ ਦੌਰਾਨ ਤਤਕਾਲ ਸਕੀਮ ਅਧੀਨ ਫਰਜ਼ੀ ਦਸਤਾਵੇਜ਼ਾਂ ’ਤੇ ਬਣੇ ਪਾਸਪੋਰਟਾਂ ਵਿੱਚ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਾਹਮਣੇ ਆਉਣ ਲੱਗੀ ਤਾਂ ਪੁਲੀਸ ਨੇ ਜਾਂਚ ਠੱਪ ਕਰ ਦਿੱਤੀ ਸੀ।

ਸਥਾਨਕ ਅਦਾਲਤ ਨੇ ਇਸ ਵਰ੍ਹੇ ਦੀ 21 ਫਰਵਰੀ ਨੂੰ ਚੰਡੀਗੜ੍ਹ ਤੇ ਹੋਰ ਸ਼ਹਿਰਾਂ ਦੀਆਂ 14 ਟਰੈਵਲ ਏਜੰਸੀ ਸੰਚਾਲਕਾਂ, 5 ਏਜੰਟਾਂ, ਬਰਖ਼ਾਸਤ 3 ਪੁਲੀਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਸੁਪਰਡੈਂਟ ਤੋਂ ਇਲਾਵਾ ਜਨਮ/ਮੌਤ ਸ਼ਾਖਾ ਕਲਰਕ ਤੇ ਡਾਕੀਏ ਸਮੇਤ 25 ਮੁਲਜ਼ਮਾਂ ਨੂੰ 3 ਸਾਲ ਦੀ ਕੈਦ ਤੇ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। ਦੋਸ਼ੀ ਕਰਾਰ ਦਿੱਤੇ ਮੁਲਜ਼ਮਾਂ ਦੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸੈਸ਼ਨ ਅਦਾਲਤ ਵਿੱਚ ਅਪੀਲ ਸੁਣਵਾਈ ਅਧੀਨ ਹੈ। ਇਸ ਕੇਸ ਵਿਚ 44 ਫਰਜ਼ੀ ਪਾਸਪੋਰਟਾਂ ਦੇ ਧਾਰਕਾਂ ਨੂੰ ਬਰੀ ਕਰ ਦਿੱਤਾ ਸੀ।