ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਲਗਾਤਾਰ ਅਸਤੀਫੇ ਦੇ ਰਹੇ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਮਗਰੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਸਤੀਫਾ ਦੇ ਦਿੱਤਾ ਹੈ। ਹੋਰ ਲੀਡਰਾਂ ਨੇ ਵੀ ਅਹੁਦੇ ਛੱਡਣ ਦਾ ਸੰਕੇਤ ਦਿੱਤਾ ਹੈ। ਇਸ ਕਰਕੇ ਪਾਰਟੀ ਵਿੱਚ ਤੂਫਾਨ ਆਇਆ ਹੋਇਆ ਹੈ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਖਰਾ ਹੀ ਤਰਕ ਹੈ।
ਅਸਤੀਫਿਆਂ ਦੀ ਦੌੜ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਢੀਂਡਸਾ ਤੇ ਬ੍ਰਹਮਪੁਰਾ ਨੇ ਪਾਰਟੀ ਨਹੀਂ ਛੱਡੀ, ਸਗੋਂ ਨਵੇਂ ਚਿਹਰਿਆਂ ਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਲਈ ਉਨ੍ਹਾਂ ਪਾਰਟੀ ਦੇ ਸਾਰੇ ਅਹੁਦੇ ਛੱਡੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਕੋਈ ਫ਼ੁੱਟ ਨਹੀਂ ਤੇ ਨਾ ਹੀ ਕੋਈ ਪਾਰਟੀ ਛੱਡ ਕੇ ਜਾ ਰਿਹਾ ਹੈ।
ਦਿਲਚਸਪ ਗੱਲ਼ ਹੈ ਕਿ ਟਕਸਾਲੀ ਲੀਡਰਸ਼ਿਪ ਨੂੰ ਇਹੀ ਗਿਲਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ। ਪਿਛਲੇ ਸਮੇਂ ਦੌਰਾਨ ਸੁਖਬੀਰ ਬਾਦਲ 'ਤੇ ਇਲਜ਼ਾਮ ਲੱਗਾ ਹੈ ਕਿ ਉਹ ਟਕਸਾਲੀ ਲੀਡਰਾਂ ਨੂੰ ਵਿਸਾਰ ਕੇ ਗ਼ੈਰ ਤਜਰਬੇਕਾਰ ਨੌਜਵਾਨ ਲੀਡਰਾਂ ਦੀ ਸਲਾਹ ਨਾਲ ਚੱਲ ਰਹੇ ਹਨ। ਇਸ ਕਰਕੇ ਹੀ ਅਕਾਲੀ ਦਲ ਵਿੱਚ ਸੰਕਟ ਖੜ੍ਹਾ ਹੋਇਆ ਹੈ।