ਕੈਪਟਨ ਨੇ ਕੀਤੀ ਸੀ ਮੁਆਫ਼ੀ ਦੀ ਮੰਗ ਪਰ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਜੱਲ੍ਹਿਆਂਵਾਲਾ ਬਾਗ਼ ਸਾਕੇ 'ਤੇ ਪਛਤਾਵਾ
ਏਬੀਪੀ ਸਾਂਝਾ | 13 Apr 2019 10:23 AM (IST)
ਬੀਤੀ ਸ਼ਾਮ ਕੱਢੇ ਗਏ ਮੋਮਬੱਤੀ ਮਾਰਚ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬਰਤਾਨਵੀ ਸਰਕਾਰ ਤੋਂ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ 'ਤੇ ਬਗ਼ੈਰ ਸ਼ਰਤ ਅਧਿਕਾਰਤ ਤੌਰ 'ਤੇ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ ਸੀ। ਪਰ ਅੱਜ ਸ਼ਤਾਬਦੀ ਮੌਕੇ ਹਾਈ ਕਮਿਸ਼ਨਰ ਨੇ ਸਿਰਫ ਪਛਤਾਵਾ ਹੀ ਜਤਾਇਆ।
ਅੰਮ੍ਰਿਤਸਰ: ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਬਰਤਾਨੀਆ ਦੇ ਹਾਈ ਕਮਿਸ਼ਨਰ ਡੌਮਿਨਿਕ ਐਸਕੁਇਥ (Dominic Asquith) ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਬੀਤੀ ਸ਼ਾਮ ਕੱਢੇ ਗਏ ਮੋਮਬੱਤੀ ਮਾਰਚ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬਰਤਾਨਵੀ ਸਰਕਾਰ ਤੋਂ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ 'ਤੇ ਬਗ਼ੈਰ ਸ਼ਰਤ ਅਧਿਕਾਰਤ ਤੌਰ 'ਤੇ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ ਸੀ। ਪਰ ਅੱਜ ਸ਼ਤਾਬਦੀ ਮੌਕੇ ਹਾਈ ਕਮਿਸ਼ਨਰ ਨੇ ਸਿਰਫ ਪਛਤਾਵਾ ਹੀ ਜਤਾਇਆ। ਡੌਮਿਨਿਕ ਨੇ ਬਾਗ਼ ਦੀ ਵਿਜ਼ਿਟਰ ਬੁੱਕ ਵਿੱਚ ਆਪਣਾ ਸੰਦੇਸ਼ ਵੀ ਦਰਜ ਕੀਤਾ। ਉਨ੍ਹਾਂ ਇਸ ਖ਼ੂਨੀ ਸਾਕੇ ਨੂੰ ਬੇਹੱਦ ਸ਼ਰਮਨਾਕ ਦੱਸਿਆ, ਪਰ ਮੁਆਫ਼ੀ ਨਹੀਂ ਮੰਗੀ। ਆਪਣੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਾਂਗ ਹਾਈ ਕਮਿਸ਼ਨਰ ਨੇ ਵੀ ਇਸ ਗੋਲ਼ੀਕਾਂਡ 'ਤੇ ਪਛਤਾਵਾ ਜ਼ਾਹਰ ਕੀਤਾ। ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਆਪਣੇ ਇਸ ਦੌਰੇ ਨੂੰ 21ਵੀਂ ਸਦੀ ਵਿੱਚ ਭਾਰਤ-ਯੂਕੇ ਦੇ ਦੋਸਤਾਨਾ ਰਿਸ਼ਤੇ ਗੂੜ੍ਹੇ ਕਰਨ ਦੇ ਹਿੱਤ ਵਿੱਚ ਦੱਸਿਆ। ਬ੍ਰਿਟਿਸ਼ ਸਾਸ਼ਨਕਾਲ ਮੌਕੇ 13 ਅਪਰੈਲ 1919 ਨੂੰ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਜਨਰਲ ਮਾਈਕਲ ਓਡਵਾਇਰ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਇਕੱਠੇ ਹੋ ਰਹੇ ਲੋਕਾਂ 'ਤੇ ਗੋਲ਼ੀ ਚਲਾਉਣ ਦੇ ਹੁਕਮ ਦਿੱਤੇ ਸੀ। ਓਡਵਾਇਰ ਦੇ ਹੁਕਮਾਂ ਦੀ ਪਾਲਣਾ ਜਨਰਲ ਰੈਜੀਨਲਡ ਡਾਇਰ ਨੇ ਕੀਤੀ ਸੀ ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਇਸ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਮਾਰ ਕੇ ਲਿਆ ਸੀ।