ਇੰਗਲੈਂਡ ਤੋਂ ਛੁੱਟੀਆਂ ਲਈ ਆਏ ਪਤੀ ਦਾ ਪਤਨੀ ਨੇ ਕੀਤਾ ਕਤਲ
ਏਬੀਪੀ ਸਾਂਝਾ | 10 Sep 2016 05:49 PM (IST)
ਲਖਨਊ : ਛੁੱਟੀਆਂ ਲਈ ਭਾਰਤ ਆਏ ਇੰਗਲੈਂਡ ਦੇ ਇੱਕ ਸਿੱਖ ਨੌਜਵਾਨ ਨੂੰ ਉਸ ਦੀ ਪਤਨੀ ਨੇ ਕਤਲ ਕਰਵਾ ਦਿੱਤਾ। ਮਾਮਲਾ ਯੂ ਪੀ ਨਾਲ ਜੁੜਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਸਿੱਖ ਸੁਖਜੀਤ ਸਿੰਘ ਆਪਣੀ ਪਤਨੀ ਨਾਲ ਛੁੱਟੀਆਂ ਬਿਤਾਉਣ ਲਈ ਆਪਣੇ ਸਹਾਰਨਪੁਰ ਨੇੜੇ ਜੱਦੀ ਪਿੰਡ ਯੂ ਪੀ ਵਿੱਚ ਆਇਆ ਸੀ। ਇਸ ਦੌਰਾਨ ਸੁਖਜੀਤ ਕੌਰ ਦੀ ਪਤਨੀ ਰਮਨਦੀਪ ਕੌਰ ਮਾਨ ਨੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨਾਲ ਮਿਲ ਕੇ ਆਪਣੀ ਪਤੀ ਦਾ ਕਤਲ ਕਰਵਾ ਦਿੱਤਾ। ਖ਼ਾਸ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਦੁਬਈ ਵਿੱਚ ਰਹਿੰਦਾ ਸੀ ਅਤੇ ਮ੍ਰਿਤਕ ਦਾ ਗੂੜ੍ਹਾ ਦੋਸਤ ਹੈ। ਪੁਲਿਸ ਅਨੁਸਾਰ ਮ੍ਰਿਤਕ ਸੁਖਜੀਤ ਸਿੰਘ ਆਪਣੀ ਪਤਨੀ ਅਤੇ ਦੋਸਤ ਗੁਰਪ੍ਰੀਤ ਸਿੰਘ ਨਾਲ ਕੁੱਝ ਦਿਨ ਪਹਿਲਾਂ ਘੁੰਮਣ ਗਿਆ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਮਾਨ ਦੇ ਆਪਸੀ ਸਬੰਧ ਬਣ ਗਏ। ਵਾਪਸੀ ਉੱਤੇ ਜਦੋਂ ਸਾਰੇ ਆਪਣੇ ਘਰ ਆ ਗਏ ਤਾਂ ਇੱਕ ਰਾਤ ਰਮਨਦੀਪ ਕੌਰ ਮਾਨ ਨੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸੁਖਜੀਤ ਸਿੰਘ ਦਾ ਗਲ਼ਾ ਵੱਢ ਦਿੱਤਾ। ਰਮਨਦੀਪ ਕੌਰ ਮਾਨ ਨੇ ਪਤੀ ਦੇ ਕਤਲ ਵਿੱਚ ਗੁਰਪ੍ਰੀਤ ਦਾ ਪੂਰਾ ਸਾਥ ਦਿੱਤਾ। ਪੁਲਿਸ ਅਨੁਸਾਰ ਰਮਨਦੀਪ ਕੌਰ ਮਾਨ ਨੇ ਮ੍ਰਿਤਕ ਦੇ ਸਿਰ ਵਿੱਚ ਹਥੌੜੇ ਨਾਲ ਵਾਰ ਕੀਤੇ ਸਨ। ਸੁਖਜੀਤ ਸਿੰਘ ਦੇ ਦੋ ਬੇਟੇ ਹਨ। ਕਤਲ ਤੋਂ ਬਾਅਦ ਗੁਰਪ੍ਰੀਤ ਸਿੰਘ ਦੁਬਈ ਜਾਣ ਲਈ ਦਿੱਲੀ ਹਵਾਈ ਅੱਡੇ ਉੱਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਉਹ ਉਡਾਰੀ ਮਰਦਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਰਮਨਦੀਪ ਕੌਰ ਮਾਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਆਪਣਾ ਗੁਨਾਹ ਵੀ ਕਬੂਲ ਕੀਤਾ ਹੈ। ਪੁਲਿਸ ਅਨੁਸਾਰ ਸੁਖਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਕੂਲ ਸਮੇਂ ਤੋਂ ਗੂੜ੍ਹੇ ਮਿੱਤਰ ਸਨ। ਇਸ ਤੋਂ ਬਾਅਦ ਸੁਖਜੀਤ ਲੰਡਨ ਚਲੇ ਗਏ ਅਤੇ ਉਸ ਨੇ 2005 ਵਿੱਚ ਰਮਨਦੀਪ ਕੌਰ ਨਾਲ ਵਿਆਹ ਕਰ ਲਿਆ।