ਗਗਨਦੀਪ ਸ਼ਰਮਾ

ਅੰਮ੍ਰਿਤਸਰ: ਜਨਵਰੀ ਮਹੀਨੇ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਸ਼ੁਰੂ ਕੀਤੀ ਗਈ ਬੀਆਰਟੀਐਸ ਬੱਸ ਸਰਵਿਸ ਸਫਲਤਾ ਪੂਰਵਕ ਆਪਣੇ ਅੱਠ ਮਹੀਨੇ ਪੂਰੇ ਕਰ ਚੁੱਕੀ ਹੈ। 545 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੁਰੂ ਹੋਏ ਪ੍ਰੋਜੈਕਟ ਨੂੰ ਹੁਣ ਸ਼ਹਿਰ ਵਿੱਚ ਰਲਿਆ-ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਫਿਰ ਵੀ ਲੋਕ ਇਸ ਬੱਸ ਦੇ ਸਫ਼ਰ ਨੂੰ ਬਿਹਤਰ ਮੰਨਦੇ ਹਨ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਨਵਰੀ ਮਹੀਨੇ ਵਿੱਚ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਇਆ ਸੀ। ਸ਼ਹਿਰ ਵਾਸੀਆਂ ਨੇ ਇਸ ਬੱਸ ਸਰਵਿਸ ਨੂੰ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ। ਔਰਤਾਂ ਨੇ ਖਾਸ ਕਰਕੇ ਇਸ ਬੱਸ ਸਰਵਿਸ ਨੂੰ ਬਿਹਤਰ ਦੱਸਿਆ ਜਦਕਿ ਵਿਦਿਆਰਥੀ ਵੀ ਇਸ ਸੇਵਾ ਤੋਂ ਖੁਸ਼ ਹਨ।

ਇਨ੍ਹਾਂ ਬੱਸਾਂ ਲਈ ਸ਼ਹਿਰ ਦੇ ਤਿੰਨ ਰੂਟ ਨਿਸ਼ਚਿਤ ਕੀਤੇ ਗਏ ਸਨ ਜਿਨ੍ਹਾਂ ਵਿੱਚ ਨਿਊ ਅੰਮ੍ਰਿਤਸਰ ਤੋਂ ਇੰਡੀਆ ਗੇਟ, ਨਿਊ ਅੰਮ੍ਰਿਤਸਰ ਤੋਂ ਵੇਰਕਾ ਨਹਿਰ ਤੇ ਇੰਡੀਆ ਗੇਟ ਤੋਂ ਵੇਰਕਾ ਨਹਿਰ ਰੂਟ ਸ਼ਾਮਲ ਸਨ। ਬੀਆਰਟੀਐਸ ਪ੍ਰਾਜੈਕਟ ਦੇ ਕੁੱਲ 47 ਬੱਸ ਸਟਾਪ ਬਣਾਏ ਗਏ ਸਨ। ਹਰ ਬੱਸ ਸਟਾਪ ਵਿੱਚ ਲਗਪਗ 500 ਮੀਟਰ ਦੀ ਦੂਰੀ ਜਾ ਫਰਕ ਹੈ। ਪਹਿਲੇ ਤਿੰਨ ਮਹੀਨੇ ਨਵਜੋਤ ਸਿੰਘ ਸਿੱਧੂ ਨੇ ਇਸ ਬੱਸ ਦੇ ਸਫ਼ਰ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਮੁਫ਼ਤ ਚਲਾਇਆ। ਪਹਿਲੀ ਮਈ ਤੋਂ ਇਸ ਵਿੱਚ ਕਿਰਾਇਆ ਦਰਾਂ ਲਾਗੂ ਕੀਤੀਆਂ ਗਈਆਂ।

ਸ਼ਹਿਰ ਦੇ ਦੂਰੀ ਮੁਤਾਬਕ ਰੇਟ ਰੱਖੇ ਗਏ ਜਿਸ ਤਹਿਤ ਸਭ ਤੋਂ ਵੱਧ ਦੂਰੀ ਇੰਡੀਆ ਗੇਟ ਤੋਂ ਨਿਊ ਅੰਮ੍ਰਿਤਸਰ ਦੀ ਹੈ। ਇਸ ਦਾ ਕਿਰਾਇਆ 20 ਰੁਪਏ ਰੱਖਿਆ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਉਸ ਵੇਲੇ ਖਾਸ ਰਿਆਇਤਾਂ ਦਿੱਤੀਆਂ ਗਈਆਂ ਸਨ ਜੋ ਹਾਲੇ ਤੱਕ ਜਾਰੀ ਹਨ। ਬਾਰ੍ਹਵੀਂ ਤੱਕ ਪੜ੍ਹਦੇ ਵਿਦਿਆਰਥੀ ਇਸ ਬੱਸ ਸਫ਼ਰ ਨੂੰ ਮੁਫ਼ਤ ਲੈ ਸਕਦੇ ਹਨ ਤੇ ਇਸ ਤੋਂ ਉੱਪਰ ਵਾਲੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਰਿਆਇਤੀ ਪਾਸ ਬਣੇ ਹੋਏ ਹਨ।