ਬੀਐਸਐਫ ਦੀ ਗੱਡੀ ਨੂੰ ਪ੍ਰਾਈਵੇਟ ਬੱਸ ਨੇ ਮਾਰੀ ਟੱਕਰ, ਇੱਕ ਜਵਾਨ ਦੀ ਮੌਤ, 12 ਫੱਟੜ
ਏਬੀਪੀ ਸਾਂਝਾ | 04 Feb 2019 03:02 PM (IST)
ਸੰਕੇਤਕ ਤਸਵੀਰ
ਅੰਮ੍ਰਿਤਸਰ: ਅਜਨਾਲਾ ਵਿੱਚ ਬੀਐਸਐਫ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੇ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਗਿਰਵਰ ਸਿੰਘ ਸ਼ੇਖਾਵਤ ਵਾਸੀ ਰਾਜਸਥਾਨ ਵਜੋਂ ਹੋਈ ਹੈ। ਬੱਸ ਵਿੱਚ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੀਐਸਐਫ ਦੀ 73 ਬਟਾਲੀਅਨ ਦੀ ਟੁਕੜੀ ਸੋਮਵਾਰ ਨੂੰ ਅਜਨਾਲਾ ਮਾਰਕੀਟ ਦੇ ਵਿੱਚ ਸਵੇਰੇ ਖਰੀਦਦਾਰੀ ਕਰਨ ਲਈ ਆਈ ਸੀ। ਜਦੋਂ ਉਹ ਅਜਨਾਲਾ ਸ਼ਹਿਰ ਦੇ ਬਾਹਰ ਵਾਲੇ ਪਾਸੇ ਪਹੁੰਚੇ ਤਾਂ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਪਿੱਛੋਂ ਬੀਐਸਐਫ ਦੇ ਕੈਂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਜਿਸ ਕਾਰਨ ਕਰੀਬ 13 ਬੀਐਸਐਫ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਰੇਂਜ ਦੇ ਡੀਆਈਜੀ ਰਾਜੇਸ਼ ਕੁਮਾਰ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਇੱਕ ਜਵਾਨ ਹਾਲੇ ਵੀ ਗੰਭੀਰ ਹੈ ਤੇ ਬਾਕੀ ਜਵਾਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਮ੍ਰਿਤਕ ਗਿਰਵਰ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਜਨਾਲਾ ਪੁਲਿਸ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।