ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਸਰਲੀ ਕਲਾਂ ਦੇ ਪੋਲਿੰਗ ਬੂਥ ਦੇ ਬਾਹਰ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਜਿੱਥੇ ਪਰਿਵਾਰ ਨੇ ਘਟਨਾ ਨੂੰ ਵੋਟ ਪਾਉਣ ਦੀ ਰੰਜਿਸ਼ ਦੱਸਿਆ, ਉੱਥੇ ਪੁਲਿਸ ਤੋਂ ਲੈ ਕੇ ਮੁੱਖ ਮੰਤਰੀ ਇਸ ਘਟਨਾ ਨੂੰ ਨਿੱਜੀ ਰੰਜਿਸ਼ ਦੱਸ ਰਹੇ ਹਨ। ਮ੍ਰਿਤਕ ਦੀ ਸ਼ਨਾਖ਼ਤ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ।


ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੰਟੀ ਪੋਲਿੰਗ ਬੂਥ 'ਤੇ ਵੋਟ ਪਾ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਦੋ ਨੌਜਵਾਨਾਂ ਨੇ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਹਮਲਾ ਕਰ ਦਿੱਤਾ। ਘਟਨਾ ਵਿੱਚ ਬੰਟੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।

ਚਰਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਕਾਂਗਰਸ ਪਾਰਟੀ ਦੇ ਵਰਕਰ ਹਨ, ਜਦਕਿ ਮੁਲਜ਼ਮ ਨੌਜਵਾਨ ਖ਼ੁਦ ਨੂੰ ਅਕਾਲੀ ਵਰਕਰ ਦੱਸਦੇ ਹਨ। ਉੱਧਰ, ਤਰਨ ਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬੰਟੀ 'ਤੇ ਹਮਲਾ ਨਿੱਜੀ ਰੰਜਿਸ਼ ਦਾ ਨਤੀਜਾ ਹੈ ਤੇ ਇਸ ਨੂੰ ਜਾਣ ਬੁੱਝ ਕੇ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ ਤੇ ਛੇਤੀ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਵੀ ਆਪਣੇ ਐਸਐਸਪੀ ਵੱਲੋਂ ਭੇਜੀ ਜਾਣਕਾਰੀ ਨੂੰ ਹੀ ਸਹੀ ਮੰਨਿਆ ਤੇ ਪਟਿਆਲਾ ਵਿੱਚ ਵੋਟ ਪਾਉਣ ਸਮੇਂ ਇਸ ਘਟਨਾ ਨੂੰ ਵੋਟਿੰਗ ਵਾਲੀ ਹਿੰਸਾ ਨਹੀਂ ਮੰਨਿਆ।