ਚੰਡੀਗੜ੍ਹ: ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਵਿੱਚ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕਲਾਲ ਮਾਜਰਾ ਵਿੱਚ ਬੂਥ ਉਪਰ ਬੈਠੇ ਕਾਂਗਰਸੀਆਂ 'ਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ ਸੰਗਰੂਰ ਦੇ ਸੁਨਾਮ 'ਚ ਪਿੰਡ ਈਲਵਾਲ ਵਿੱਚ ਵੀ ਝਗੜਾ ਹੋਇਆ ਜਿੱਥੇ 3-4 ਜਣੇ ਗੰਭੀਰ ਜ਼ਖ਼ਮੀ ਹੋਏ ਤੇ ਵੋਟਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ।


ਤਲਵੰਡੀ ਸਾਬੋ: ਇਸ ਤੋਂ ਇਲਾਵਾ ਤਲਵੰਡੀ ਸਾਬੋਂ ਦੇ ਸਰਕਾਰੀ ਸਕੂਲ ਕੋਲ ਫਾਇਰਿੰਗ ਦੀ ਘਟਨਾ ਵੀ ਸਾਹਮਣੇ ਆ ਰਹੀ ਹੈ। ਦੋ ਜਣੇ ਮਾਮੂਲੀ ਜ਼ਖ਼ਮੀ ਹੋਏ ਹਨ। ਲੋਕਾਂ ਨੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਫਾਇਰਿੰਗ ਦੇ ਦੋਸ਼ ਲਾਉਂਦੇ ਹੋਏ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਪਿੱਛੋਂ ਪੁਲਿਸ ਨੇ ਲੋਕਾਂ 'ਤੇ ਹਲਕਾ ਲਾਠੀਚਾਰਜ ਕੀਤਾ। ਫਿਲਹਾਲ ਸਥਿਤੀ ਤਣਾਓਪੂਰਨ ਬਣੀ ਹੋਈ ਹੈ।

ਤਰਨ ਤਾਰਨ: ਪਿੰਡ ਸਰਲੀ ਕਲਾਂ ਵਿੱਚ ਅਕਾਲੀ ਵਰਕਰਾਂ ਵੱਲੋਂ ਕਾਂਗਰਸ ਸਮਰਥਕ ਨੂੰ ਦਾਤਰ ਨਾਲ ਵੱਢ ਦਿੱਤਾ। ਮ੍ਰਿਤਕ ਦੀ ਪਛਾਣ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ। ਘਟਨਾ ਪਿੱਛੋਂ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਬੰਟੀ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆ ਰਿਹਾ ਸੀ।

ਲੁਧਿਆਣਾ: ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕਲਾਲ ਮਾਜਰਾ ਵਿੱਚ ਬੂੱਥ ਉਪਰ ਬੈਠੇ ਕਾਂਗਰਸੀਆਂ 'ਤੇ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਚਾਰ ਜਣੇ ਜਖ਼ਮੀ ਹੋਏ ਜਿਨ੍ਹਾਂ ਨੂੰ ਖੰਨਾ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੈਟਰ ਬਾਕਸ ਨੂੰ ਵੋਟ ਪਾਉਣ 'ਤੇ ਹਮਲਾ ਕੀਤਾ। ਪੀਡੀਏ ਸਮਰਥਕ ਬਲਜੀਤ ਸਿੰਘ ਵੀ ਜਖ਼ਮੀ ਹੋਏ।

ਸੁਨਾਮ ਦੇ ਪਿੰਡ ਈਲਬਾਲ ਵਿੱਚ ਪੋਲਿੰਗ ਬੂਥ 'ਤੇ ਬੈਠੇ ਕੁਝ ਨੌਜਵਾਨਾਂ 'ਤੇ ਦੋ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਦੋ ਗੱਡੀਆਂ ਵਿੱਚ ਆਏ ਜਿਨ੍ਹਾਂ 3-4 ਜਣਿਆਂ ਨੂੰ ਜ਼ਖ਼ਮੀ ਕੀਤਾ। ਇਸ ਪਿੱਛੋਂ ਪੋਲਿੰਗ ਬੰਦ ਕਰ ਦਿੱਤੀ ਗਈ।

ਇਸ ਤੋਂ ਇਲਾਵਾ ਬਠਿੰਡਾ ਦੇ ਰਾਮਪੁਰਾ ਵਿੱਚ ਪਿੰਡ ਕਾਂਗੜ 'ਚ ਅਕਾਲੀ ਸਮਰਥਕਾਂ ਦੇ ਸਿਰ ਪਾੜ ਦਿੱਤੇ ਗਏ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਹਮਲਾ ਕਰਦਿਆਂ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ।