ਚੰਡੀਗੜ੍ਹ: ਕੋਰੋਨਾ ਦੇ ਕਹਿਰ ਵਿੱਚ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਕੁਝ ਰੂਟਾਂ 'ਤੇ ਬੱਸਾਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਮਗਰੋਂ ਬੱਸਾਂ ਸੜਕਾਂ 'ਤੇ ਆਈਆਂ ਹਨ ਪਰ ਲੋਕ ਘਰਾਂ ਵਿੱਚੋਂ ਨਹੀਂ ਨਿਕਲ ਰਹੇ। ਇਸ ਕਰਕੇ ਬੱਸਾਂ ਖਾਲੀ ਹੀ ਆ-ਜਾ ਰਹੀਆਂ ਹਨ ਤੇ ਤੇਲ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।

ਦਰਅਸਲ ਕੋਰੋਨਾ ਦੇ ਡਰ ਕਾਰਨ ਹਰ ਕੋਈ ਬੱਸਾਂ ਵਿੱਚ ਸਵਾਰ ਹੋਣੋਂ ਡਰ ਰਿਹਾ ਹੈ। ਰਿਪੋਰਟਾਂ ਮੁਤਾਬਕ ਲੋਕ ਕਿਤੇ ਆਪਣ ਲਈ ਆਪਣੇ ਸਾਧਨਾਂ ਨੂੰ ਹੀ ਤਰਜੀਹ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਇਹ ਵਰਤਾਰਾ ਜਾਰੀ ਰਹਿ ਸਕਦਾ ਹੈ। ਇਸ ਲਈ ਸਰਕਾਰ ਦੇ ਨਾਲ-ਨਾਲ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਘਾਟਾ ਪੈ ਸਕਦਾ ਹੈ।

ਹਾਸਲ ਜਾਣਕਾਰੀ ਮੁਤਾਬਕ ਪੀਆਰਟੀਸੀ ਨੇ ਪਹਿਲੇ ਦਿਨ 40 ਰੂਟਾਂ ’ਤੇ 83 ਬੱਸਾਂ ਚਲਾਈਆਂ ਸਨ, ਜਿਨ੍ਹਾਂ ਨੂੰ ਸਿਰਫ਼ 2167 ਯਾਤਰੀ ਹੀ ਮਿਲੇ। ਸਭ ਤੋਂ ਵੱਧ ਸਫ਼ਰ ਕਰਨ ਵਾਲੇ ਬਠਿੰਡਾ, ਕਪੂਰਥਲਾ ਤੇ ਚੰਡੀਗੜ੍ਹ ਤੋਂ ਸਨ। ਇਹ ਵੀ ਉਹ ਲੋਕ ਸੀ ਜਿਹੜੇ ਕਰਫਿਊ ਲੱਗਣ ਕਰਕੇ ਫਸੇ ਹੋਏ ਸੀ। ਇਸ ਲਈ ਅਗਲੇ ਦਿਨਾਂ ਅੰਦਰ ਹੋਰ ਯਾਤਰੀ ਘਟਣ ਦੀ ਸੰਭਾਵਨਾ ਹੈ।

ਦਿਲਚਸਪ ਹੈ ਕਿ ਪ੍ਰਾਈਵੇਟ ਟਰਾਂਸਪੋਰਟਰ ਵੀ ਸਰਕਾਰ 'ਤੇ ਬੱਸਾਂ ਚਲਾਉਣ ਲਈ ਦਬਾਅ ਬਣਾ ਰਹੇ ਸੀ। ਇਸ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਬੱਸ ਸਰਵਿਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਸੀ। ਹੁਣ ਜਦੋਂ ਸਰਕਾਰੀ ਬੱਸਾਂ ਖਾਲੀ ਹੀ ਚੱਲ਼ਣ ਲੱਗੀਆਂ ਤਾਂ ਪ੍ਰਾਈਵੇਟ ਬੱਸ ਮਾਲਕ ਕਿਸੇ ਰੂਟ ’ਤੇ ਬੱਸ ਚਲਾਉਣ ਦਾ ਜੋਖ਼ਮ ਲੈਣ ਤੋਂ ਭੱਜ ਗਏ।

ਸੂਤਰਾਂ ਮੁਤਾਬਕ ਪੀਆਰਟੀਸੀ ਵੱਲੋਂ 80 ਰੂਟਾਂ ਦੀ ਸ਼ਨਾਖ਼ਤ ਕੀਤੀ ਗਈ, ਜਿਨ੍ਹਾਂ ’ਤੇ ਬੱਸਾਂ ਚੱਲਣੀਆਂ ਸਨ। ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ 35 ਤੋਂ 40 ਰੂਟਾਂ ’ਤੇ ਬੱਸਾਂ ਚਲਾਈਆਂ ਹੀ ਨਹੀਂ ਗਈਆਂ। ਸਰਕਾਰ ਨੇ ਹਰ ਬੱਸ ਵਿਚ 50 ਫ਼ੀਸਦੀ ਬੁਕਿੰਗ ਰੱਖਣ ਦੀ ਹਦਾਇਤ ਕੀਤੀ ਹੈ ਤਾਂ ਜੋ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਸਕੇ।