ਹੁਣ ਜ਼ਿਮਨੀ ਚੋਣਾਂ ਲਈ ਤਿਆਰ ਹੋ ਜਾਓ ਪੰਜਾਬੀਓ!
ਏਬੀਪੀ ਸਾਂਝਾ | 09 Sep 2019 03:50 PM (IST)
ਪੰਜਾਬ ਕੈਬਨਿਟ ਦੀ ਭਲਕੇ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਮੀਟਿੰਗ ਵਿੱਚ ਜ਼ਿਮਨੀ ਚੋਣਾਂ ਬਾਰੇ ਵੀ ਚਰਚਾ ਹੋਣ ਦੇ ਆਸਾਰ ਹਨ। ਪੰਜਾਬ ਦੇ ਘੱਟੋ-ਘੱਟ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਤੈਅ ਹਨ। ਇਨ੍ਹਾਂ ਜ਼ਿਮਨੀ ਚੋਣਾਂ ਦੇ ਐਲਾਨ ਨਾਲ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਭਲਕੇ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਮੀਟਿੰਗ ਵਿੱਚ ਜ਼ਿਮਨੀ ਚੋਣਾਂ ਬਾਰੇ ਵੀ ਚਰਚਾ ਹੋਣ ਦੇ ਆਸਾਰ ਹਨ। ਪੰਜਾਬ ਦੇ ਘੱਟੋ-ਘੱਟ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਤੈਅ ਹਨ। ਇਨ੍ਹਾਂ ਜ਼ਿਮਨੀ ਚੋਣਾਂ ਦੇ ਐਲਾਨ ਨਾਲ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਲਈ ਸਰਕਾਰ ਪਹਿਲਾਂ ਹੀ ਇਸ ਬਾਰੇ ਰਣਨੀਤੀ ਉਲੀਕਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾ ਸਕਦਾ ਹੈ। ਦਰਅਸਲ ਜਲਾਲਾਬਾਦ, ਫਗਵਾੜਾ, ਮੁੱਲਾਂਪੁਰ ਦਾਖਾ ਤੇ ਮੁਕੇਰੀਆਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ। ਜਲਾਲਾਬਾਦ ਤੇ ਫਗਵਾੜਾ ਦੇ ਵਿਧਾਇਕ ਸੁਖਬੀਰ ਬਾਦਲ ਤੇ ਭਾਜਪਾ ਲੀਡਰ ਸੋਮ ਪ੍ਰਕਾਸ਼ ਲੋਕ ਸਭਾ ਮੈਂਬਰ ਬਣ ਗਏ ਹਨ। ਇਸ ਲਈ ਇਹ ਸੀਟਾਂ ਖਾਲੀ ਹੋ ਗਈਆਂ ਹਨ। ਇਸ ਤੋਂ ਇਲਾਵਾ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਕੀਲ ਐਚਐਸ ਫੂਲਕਾ ਨੇ ਅਸਤੀਫ਼ਾ ਦੇ ਦਿੱਤਾ ਸੀ। ਚੌਥੀ ਸੀਟ ਮੁਕੇਰੀਆਂ ਹਲਕੇ ਦੇ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਮਗਰੋਂ ਖਾਲੀ ਹੋਈ ਹੈ। ਉਂਝ ਚਾਰ ਹੋਰ ਹਲਕਿਆਂ ਦੇ ਵਿਧਾਇਕ ਵੀ ਅਸਤੀਫਾ ਦੇ ਚੁੱਕੇ ਹਨ। ਜੇਕਰ ਵਿਧਾਨ ਸਭਾ ਦੇ ਸਪੀਕਰ ਇਨ੍ਹਾਂ ਚਾਰ ਹੋਰ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲੈਂਦੇ ਤਾਂ ਸੂਬੇ ਵਿੱਚ ਚਾਰ ਦੀ ਥਾਂ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਸਨ।