ਚੰਡੀਗੜ੍ਹ: ਫਤਹਿਗੜ੍ਹ ਸਾਹਿਬ ਦੇ ਰਾਮਦਾਸ ਨਗਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕੇ ਰਾਮਦਾਸ ਨਗਰ ਨੂੰ ਮਤਾ ਪਾਸ ਕਰਕੇ ਨਗਰ ਕੌਂਸਲ ਸਰਹਿੰਦ ਵਿੱਚ ਲਿਆਂਦਾ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਦੀਆਂ ਵੋਟਾਂ ਹਾਲੇ ਵੀ ਪੰਚਾਇਤ ਅਧੀਨ ਹਨ। ਇਸ ਕਾਰਨ ਸਥਾਨਕ ਵਾਸੀਆਂ ਨੇ ਵੋਟਾਂ ਪਾਉਣ ਤੋਂ ਬਾਈਕਾਟ ਕਰ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਅਣਗਹਿਲੀ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਸ਼ੇਰ ਸਿੰਘ ਨੇ ਕਾਂਗਰਸ ’ਤੇ ਦੋਸ਼ ਲਾਉਂਦਿਆਂ ਕਿਹਾ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ ਇਹ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਨਾਲਾਇਕੀ ਹੈ। ਉਨ੍ਹਾਂ ਪ੍ਰਸ਼ਾਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੋਣ ਅਧਿਕਾਰੀ ਨੇ ਦੱਸਿਆ ਕੇ ਇਸ ਬੂਥ ’ਤੇ 1064 ਵੋਟਾਂ ਹਨ। ਹੁਣ ਤੱਕ ਇੱਕ ਵੀ ਵੋਟ ਨਹੀਂ ਪਾਈ ਗਈ ਹੈ।