ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਇੱਕ ਹੋਰ ਮੰਤਰੀ ਭੂਸ਼ਣ ਆਸ਼ੂ ਮੁਸੀਬਤ ਵਿੱਚ ਘਿਰ ਗਏ ਹਨ। ਅੱਜ ਵਿਧਾਨ ਸਭਾ ਵਿੱਚ ਇਸ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਵੀ ਉੱਠੀ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਸਦਨ ਦੀ ਕਾਰਵਾਈ ਠੱਪ ਕਰੀ ਰੱਖ। ਸਪੀਕਰ ਰਾਣਾ ਕੇਪੀ ਸਿੰਘ ਨੂੰ ਤਿੰਨ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਆਖਰ ਸਪੀਕਰ ਨੂੰ ਸਦਨ ਦੀ ਕਾਰਵਾਈ ਮੰਗਲਵਾਰ ਤੱਕ ਉਠਾਉਣੀ ਪਈ।


ਦਰਅਸਲ ਪੰਜਾਬ ਪੁਲਿਸ ਦੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਾਲ 1992 ਵਿੱਚ ਲੁਧਿਆਣਾ ਦੀ ਗੁੜ ਮੰਡੀ ’ਚ ਹੋਏ ਬੰਬ ਧਮਾਕੇ ਤੇ ਗੈਰ-ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਾਏ ਹਨ। ਬੇਸ਼ੱਕ ਮੰਤਰੀ ਨੇ ਇਹ ਸਾਰੇ ਦੋਸ਼ ਰੱਦ ਕੀਤੇ ਹਨ ਪਰ ਵਿਰੋਧੀ ਧਿਰਾਂ ਨੂੰ ਵੱਡਾ ਮੁੱਦਾ ਮਿਲ ਗਿਆ ਹੈ।

ਵਿਧਾਨ ਸਭਾ ਦਾ ਬੱਜਟ ਸੈਸ਼ਨ ਹੋਣ ਕਰਕੇ ਵਿਰੋਧੀ ਧਿਰਾਂ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ। ਕੈਪਟਨ ਸਰਕਾਰ ਪਹਿਲਾਂ ਹੀ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਬਾਰੇ ਬਿਆਨ ਨੂੰ ਲੈ ਕੇ ਕਸੂਤੀ ਘਿਰੀ ਹੋਈ ਹੈ। ਹੁਣ ਮੰਤਰੀ ਭੂਸ਼ਣ ਆਸ਼ੂ ਦਾ ਮਾਮਲਾ ਸਰਕਾਰ ਲਈ ਨਹੀਂ ਮੁਸੀਬਤ ਬਣ ਗਿਆ ਹੈ। ਦਿਲਚਸਪ ਗੱਲ਼ ਹੈ ਕਿ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਇਹ ਮੁੱਦਾ ਵੀ ਐਨ ਬਜਟ ਸੈਸ਼ਨ ਵੇਲੇ ਉਠਾਇਆ ਹੈ।

ਸੇਖੋਂ ਨੇ ਐਤਵਾਰ ਨੂੰ ਚੁੱਪ-ਚੁਪੀਤੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਏ ਕਿ ਸਾਲ 1992 ਵਿੱਚ ਕਈ ਗੈਰ-ਸਮਾਜਿਕ ਗਤੀਵਿਧੀਆਂ ’ਚ ਸ਼ਾਮਲ ਹੋਣ ਕਰਕੇ ਆਸ਼ੂ ਖ਼ਿਲਾਫ਼ ਟਾਡਾ ਐਕਟ ਤਹਿਤ ਕੇਸ ਦਰਜ ਹੋਏ ਸਨ ਪਰ ਉਸ ਵੇਲੇ ਦੇ ਕਥਿਤ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਨਾਲ ਉਹ ਅਦਾਲਤ ਵਿੱਚੋਂ ਬਰੀ ਹੋ ਗਏ ਸਨ। ਡੀਐਸਪੀ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖ ਕੇ ਇਨ੍ਹਾਂ ਕੇਸਾਂ ਦੀ ਮੁੜ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿ ਡੀਐਸਪੀ ਬਲਵਿੰਦਰ ਸੇਖੋਂ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ’ਚ ਘਿਰੇ ਹੋਏ ਹਨ ਜਿਸ ਕਰਕੇ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਉਧਰ, ਆਸ਼ੂ ਨੇ ਕਿਹਾ ਕਿ ਡੀਐਸਪੀ ਜਾਣਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦਾਗੀ ਪੁਲਿਸ ਅਧਿਕਾਰੀ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਤੇ ਡੀਐਸਪੀ ਦਾ ਇੱਕੋ-ਇੱਕ ਮੰਤਵ ਉਨ੍ਹਾਂ ਦੇ ਸਿਆਸੀ ਕਿਰਦਾਰ ’ਤੇ ਧੱਬਾ ਲਾਉਣਾ ਹੈ।