Punjab News: ਝੋਨਾ ਕੱਟਣ ਤੋਂ ਬਾਅਦ ਬਿਨਾ ਪਰਾਲੀ ਸਾੜਿਆਂ ਅਗਲੀ ਫਸਲ ਬੀਜਣ ਵਾਲੇ ਅਗਾਂਹਵਧੂ ਕਿਸਾਨ ਜਰਨੈਲ ਸਿੰਘ ਦਾ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਹਾਜ਼ਰ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਕਸਬਾ ਨਿਹਾਲ ਸਿੰਘ ਵਾਲਾ ਦਾ ਕਿਸਾਨ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਆਪਣੇ ਪੱਧਰ ਉੱਤੇ 75 ਏਕੜ ਦੀ ਖੇਤੀ ਕਰਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾ ਸਾੜੇ ਅਗਲੀ ਫਸਲ ਦੀ ਬਿਜਾਈ ਕਰ ਰਿਹਾ ਹੈ। ਉਸਨੂੰ ਝਾੜ ਵੀ ਜਿਆਦਾ ਮਿਲ ਰਿਹਾ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਸਾਨ ਜਰਨੈਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹੋਰ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੈ। ਬਾਕੀ ਕਿਸਾਨਾਂ ਨੂੰ ਵੀ ਜਰਨੈਲ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਲਈ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਬਹੁਤ ਕੰਮ ਕਰ ਰਹੀ ਹੈ।
ਕਿਸਾਨ ਜਰਨੈਲ ਸਿੰਘ ਨੇ ਕਿਹਾ ਕਿ ਉਸਨੇ ਪਰਾਲੀ ਸਾੜਨ ਤੋਂ ਬਿਨਾ ਹੁਣ ਆਲੂਆਂ ਦੀ ਅਗਲੀ ਫਸਲ ਬੀਜ ਦਿੱਤੀ ਹੈ। ਪਰਾਲੀ ਨਾ ਸਾੜਨ ਨਾਲ ਫਸਲ ਦਾ ਝਾੜ ਵੀ ਜਿਆਦਾ ਆਉਂਦਾ ਹੈ। ਉਸਨੇ ਕਿਹਾ ਕਿ ਉਸਨੂੰ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਹੱਲਾਸ਼ੇਰੀ ਨਾਲ ਹੋਰ ਉਤਸ਼ਾਹ ਮਿਲਦਾ ਹੈ। ਉਹ ਹੁਣ ਹੋਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਾਭਾਂ ਬਾਰੇ ਦੱਸ ਰਿਹਾ ਹੈ।
ਇਸ ਮੌਕੇ ਕਿਸਾਨ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਵੀ ਹਾਜ਼ਰ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ