ਹਰਸਿਮਰਤ ਬਾਦਲ ਦਾ ਦਾਆਵਾ, ਮੋਦੀ ਨੇ 70 ਹਜ਼ਾਰ ਟਨ ਰਾਸ਼ਨ ਪੰਜਾਬ 'ਚ ਭੇਜਿਆ, ਆਖਰ ਕਿੱਥੇ ਗਿਆ?
ਏਬੀਪੀ ਸਾਂਝਾ | 23 Apr 2020 06:14 PM (IST)
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਅੱਜ ਜ਼ਿਲ੍ਹਾ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚੀ ਜਿੱਥੇ ਉਨ੍ਹਾਂ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਈ ਦੋਸ਼ ਲਾਏ।
ਬਠਿੰਡਾ: ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਅੱਜ ਜ਼ਿਲ੍ਹਾ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚੀ ਜਿੱਥੇ ਉਨ੍ਹਾਂ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਈ ਦੋਸ਼ ਲਾਏ। ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਕੋਰੋਨਾ ਦੀ ਬਜਾਏ ਭੁੱਖ ਨਾਲ ਮਰ ਰਹੇ ਹਨ। ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ 70 ਹਜ਼ਾਰ ਟਨ ਰਾਸ਼ਨ ਦਿੱਤਾ ਜਾ ਚੁੱਕਾ ਹੈ, ਪਰ ਪੰਜਾਬ ਦੇ ਮੰਤਰੀ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ। ਹਜ਼ਾਰਾਂ-ਕਰੋੜ ਰੁਪਏ ਦੀ ਮਦਦ ਕੇਂਦਰ ਸਰਕਾਰ ਨੇ ਹੁਣ ਤੱਕ ਪੰਜਾਬ ਵਿੱਚ ਦਿੱਤੀ ਹੈ। ਉਨ੍ਹਾਂ ਕਿਹਾ, ਪੰਜਾਬ ਸਰਕਾਰ ਨੇ ਪੈਸੇ ਦਾ ਕੀ ਕੀਤਾ, ਕੁਝ ਪਤਾ ਨਹੀਂ, ਲੋਕ ਭੁੱਖ ਨਾਲ ਮਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਪੰਜਾਬ ਵਿੱਚ ਲੋਕਾਂ ਲਈ ਜਾਰੀ ਕੀਤੀ ਜਾ ਰਹੀ ਹੈ। ਇਹ ਮੁੱਖ ਮੰਤਰੀ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਹੀਂ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫੰਡ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਪ੍ਰਵਾਨਗੀ ਲਈ ਲਿਖੇ ਪੱਤਰ ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਸ਼ਾਇਦ ਕੈਪਟਨ ਸਹਿਬ ਦੇ ਘਰ ਵਿੱਚ ਸ਼ਰਾਬ ਖ਼ਤਮ ਹੋ ਗਈ ਹੈ। ਇਸ ਲਈ ਉਹ ਕੇਂਦਰ ਸਰਕਾਰ ਤੋਂ ਗੁਹਾਰ ਲਾ ਰਹੇ ਹਨ।