ਚੰਡੀਗੜ੍ਹ: ਵਿਵਾਦਪੂਰਨ ਖੇਤੀ ਬਿੱਲਾਂ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਬਾਰੇ ਬੋਲਣ 'ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਾਜਪਾ ਨੇਤਾ ਨੇ ਆਪਣੀ ਪਾਰਟੀ ਦੇ ਜ਼ਾਲਮਾਨਾ ਏਜੰਡੇ ਦੇ ਪਿਛਲੱਗੂ ਬਣਦੇ ਹੋਏ ਇਮਾਨਦਾਰੀ ਅਤੇ ਨਿਰਪੱਖਤਾ ਦੇ ਢਕਵੰਜ ਨੂੰ ਵੀ ਛਿੱਕੇ ਟੰਗ ਦਿੱਤਾ।


ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨੂੰ ਅੱਗੇ ਵਧਾਉਣ ਵਿੱਚ ਤੋਮਰ ਨੇ ਤਹਿਜ਼ੀਬ ਤੇ ਅਦਬ ਨੂੰ ਬਿਲਕੁਲ ਹੀ ਤਿਆਗ ਦਿੱਤਾ ਹੈ ਅਤੇ ਉਹ ਕਾਂਗਰਸ ਖਿਲਾਫ ਆਮ ਕਰਕੇ ਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਖਿਲਾਫ ਵਿਸ਼ੇਸ਼ ਤੌਰ 'ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ।


ਇਸ ਮੁੱਦੇ 'ਤੇ ਤੋਮਰ ਵੱਲੋਂ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਝੂਠਾਂ ਦੀ ਪੰਡ ਦੱਸਿਆ। ਉਨ੍ਹਾਂ ਕਿਹਾ ਕਿ "ਇਕ ਇੰਟਰਵਿਊ ਦਾ ਹਿੱਸਾ ਰਿਹਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਦਾ ਇਹ ਸਾਰਾ ਬਿਆਨ ਬੇ-ਸਿਰ ਪੈਰ ਦੇ, ਜ਼ੁਬਾਨੀ ਵਾਅਦਿਆਂ ਅਤੇ ਸਾਬਿਤ ਨਾ ਹੋ ਸਕਣ ਵਾਲੇ ਝੂਠੇ ਦਾਅਵਿਆਂ ਅਤੇ ਇਲਜ਼ਾਮਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ।ਜਿਸ ਉੱਤੇ ਵਿਸ਼ਵਾਸ ਕਰਨ ਦਾ ਕੋਈ ਵੀ ਆਧਾਰ ਨਹੀਂ ਹੈ।"