Punjab Election 2022: ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਵਾਲੇ ਹਨ ਤੇ ਅਜਿਹੇ 'ਚ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਹ ਮੀਟਿੰਗ ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਈ। ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ।

[blurb]





[/blurb]


ਕੈਪਟਨ ਨੇ ਕਿਹਾ, "ਅਸੀਂ ਚੋਣਾਂ ਨੂੰ ਲੈ ਕੇ ਆਮ ਗੱਲਬਾਤ ਕੀਤੀ ਹੈ। ਨਤੀਜਿਆਂ ਤੋਂ ਬਾਅਦ ਹੀ ਇਸ ਤੋਂ ਬੋਲਣਾ ਠੀਕ ਹੋਏਗਾ। ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਸੀਟ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੈ। ਇਸ ਨੂੰ ਲੈ ਕੇ ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਚੁੱਕਿਆ ਹਾਂ। ਪੰਜਾਬ ਤੇ ਹਰਿਆਣਾ ਦੀ 1966 'ਚ ਜਦੋਂ ਵੰਡ ਹੋਈ ਤਾਂ ਉਸ ਆਧਾਰ ਤੇ ਹੀ ਇਹ ਨਿਯੁਕਤੀਆਂ ਹੋਣੀਆਂ ਚਾਹੀਦਾਂ ਹਨ।"

ਗਠਜੋੜ ਬਾਰੇ ਬੋਲਦੇ ਹੋਏ ਕੈਪਟਨ ਨੇ ਕਿਹਾ, "ਮੈਂ ਭਵਿੱਖਬਾਣੀ ਨਹੀਂ ਕਰ ਸਕਦਾ ਪਰ ਅਸੀਂ ਤੇ ਬੀਜੇਪੀ ਨੇ ਚੰਗੀਆਂ ਚੋਣਾਂ ਲੜੀਆਂ ਹਨ। ਨਤੀਜਿਆਂ ਮਗਰੋਂ ਹੀ ਇਸ ਤੇ ਕੁੱਝ ਕਿਹਾ ਜਾ ਸਕਦਾ ਹੈ।"

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪਈਆਂ ਸੀ ਅਤੇ 10 ਮਾਰਚ ਨੂੰ ਨਤੀਜੇ ਸਾਹਮਣੇ ਆਉਣਗੇ।ਹੁਣ ਸਭ ਦੀਆਂ ਨਜ਼ਰਾਂ ਇਸੇ ਤੇ ਹਨ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣਦੀ ਹੈ। ਕੀ ਕਾਂਗਰਸ ਆਪਣੀ ਸਰਕਾਰ ਬਚਾ ਪਾਉਂਦੀ ਹੈ?

ਤਮਾਮ ਪਾਰਟੀਆਂ ਬਹੁਮਤ ਹਾਸਲ ਕਰਨ ਦਾ ਦਾਅਵਾ ਤਾਂ ਕਰ ਰਹੀਆਂ ਹਨ ਪਰ ਅਸਲ ਤਸਵੀਰ ਤਾਂ 10 ਮਾਰਚ ਨੂੰ ਹੀ ਸਾਫ ਹੋ ਪਾਏਗੀ। 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 117 ਵਿੱਚੋਂ 77 ਸੀਟਾਂ ਜਿੱਤੀਆਂ ਸਨ। ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਸਿਰਫ਼ 18 ਸੀਟਾਂ ਹੀ ਜਿੱਤ ਸਕਿਆ ਸੀ। ਆਮ ਆਦਮੀ ਪਾਰਟੀ ਨੂੰ ਸਿਰਫ਼ 20 ਸੀਟਾਂ ਮਿਲੀਆਂ ਸੀ।